ਬਜਟ : ਵਿੱਤੀ ਘਾਟਾ 6.8% ਰੱਖਣ ਦਾ ਟੀਚਾ, 12 ਲੱਖ ਕਰੋੜ ਲਏ ਜਾਣਗੇ ਉਧਾਰ
Monday, Feb 01, 2021 - 12:28 PM (IST)
ਨਵੀਂ ਦਿੱਲੀ- ਸਰਕਾਰ ਦੇ ਵਿੱਤੀ ਘਾਟੇ ਦੇ ਟੀਚੇ ਨੂੰ ਕੋਰੋਨਾ ਮਹਾਮਾਰੀ ਕਾਰਨ ਵੱਡਾ ਝਟਕਾ ਲੱਗਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚਾਲੂ ਵਿੱਤੀ ਸਾਲ ਵਿਚ ਵਿੱਤੀ ਘਾਟਾ 9 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵਿੱਤੀ ਸਾਲ 2021-22 ਵਿਚ ਇਸ ਦੇ 6.8 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਗਈ ਹੈ। ਸਾਲ 2021-22 ਵਿਚ ਸਰਕਾਰ 12 ਲੱਖ ਕਰੋੜ ਰੁਪਏ ਦਾ ਉਧਾਰ ਲਵੇਗੀ।
ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਸਰਕਾਰ ਨੇ ਵਿੱਤੀ ਸਾਲ 2020-21 ਲਈ ਵਿੱਤੀ ਘਾਟਾ ਜੀ. ਡੀ. ਪੀ. ਦੇ 3.5 ਫ਼ੀਸਦੀ ਦੇ ਬਰਾਬਰ ਰੱਖਣ ਦਾ ਟੀਚਾ ਨਿਰਧਾਰਤ ਕੀਤਾ ਸੀ।
ਵਿੱਤੀ ਘਾਟਾ-
ਸਰਕਾਰ ਦੀ ਕੁੱਲ ਆਮਦਨ ਅਤੇ ਖ਼ਰਚ ਵਿਚ ਅੰਤਰ ਨੂੰ ਵਿੱਤੀ ਘਾਟਾ ਕਿਹਾ ਜਾਂਦਾ ਹੈ। ਸਰਲ ਸ਼ਬਦਾਂ ਵਿਚ ਸਮਝੀਏ ਤਾਂ ਕਮਾਈ ਦੇ ਮੁਕਾਬਲੇ ਜ਼ਿਆਦਾ ਖ਼ਰਚ ਹੋਣ ਨੂੰ ਵਿੱਤੀ ਘਾਟਾ ਜਾਂ ਘਾਟੇ ਦਾ ਬਜਟ ਕਹਿੰਦੇ ਹਨ। ਇਸ ਅੰਤਰ ਨੂੰ ਪੂਰਾ ਕਰਨ ਲਈ ਸਰਕਾਰ ਉਧਾਰ ਲੈਂਦੀ ਹੈ ਜਾਂ ਫਿਰ ਵਿਨਿਵੇਸ਼ ਦਾ ਰਸਤਾ ਅਪਣਾਉਂਦੀ ਹੈ। ਇਸ ਪਾੜੇ ਦੀ ਪੂਰਤੀ ਆਮ ਤੌਰ 'ਤੇ ਰਿਜ਼ਰਵ ਬੈਂਕ ਤੋਂ ਉਧਾਰ ਲੈ ਕੇ ਕੀਤੀ ਜਾਂਦੀ ਹੈ ਜਾਂ ਇਸ ਲਈ ਛੋਟੀ ਤੇ ਲੰਮੀ ਮਿਆਦ ਦੇ ਬਾਂਡ ਜ਼ਰੀਏ ਪੂੰਜੀ ਬਾਜ਼ਾਰ ਤੋਂ ਫੰਡ ਜੁਟਾਇਆ ਜਾਂਦਾ ਹੈ। ਵਿੱਤੀ ਘਾਟੇ ਨੂੰ ਜੀ. ਡੀ. ਪੀ. ਦੇ ਫ਼ੀਸਦੀ ਦੇ ਰੂਪ ਵਿਚ ਦਰਸਾਇਆ ਜਾਂਦਾ ਹੈ। ਇਸ ਦੇ ਜ਼ਿਆਦਾ ਹੋਣ ਨਾਲ ਮਹਿੰਗਾਈ ਵਧਣ ਦਾ ਖ਼ਦਸ਼ਾ ਹੁੰਦਾ ਹੈ। ਹਾਲਾਂਕਿ, ਸਰਕਾਰ ਦਾ ਵਿੱਤੀ ਘਾਟਾ ਵਧਣ ਪਿੱਛੇ ਮੌਜੂਦਾ ਕਾਰਨ ਇਸ ਸਮੇਂ ਲੋਕਾਂ 'ਤੇ ਰਾਹਤ ਕਾਰਜਾਂ ਲਈ ਕੀਤਾ ਜਾ ਰਿਹਾ ਭਾਰੀ ਖ਼ਰਚ ਹੈ।