ਕਿਸੇ ਵੀ ਜਗ੍ਹਾ ਘਰ ਵਰਗਾ ਆਰਾਮ ਦੇਵੇਗਾ ਇਹ ਟਰੱਕ
Monday, Apr 09, 2018 - 11:20 AM (IST)

ਮੋਟਰ ਹੋਮ 'ਚ ਦਿੱਤੀ ਗਈ ਰਸੋਈ, ਬਾਥਰੂਮ ਤੇ ਬੈੱਡ ਦੀ ਸਹੂਲਤ
ਜਲੰਧਰ- ਤਪਦੀ ਧੁੱਪ ਵਿਚ ਵੀ ਕਈ ਹਫਤੇ ਘਰੋਂ ਬਾਹਰ ਰਹਿ ਕੇ ਮਿਸ਼ਨ ਪੂਰਾ ਕਰਨ ਲਈ ਇਕ ਅਜਿਹਾ ਟਰੱਕ ਬਣਾਇਆ ਗਿਆ ਹੈ, ਜੋ ਰੇਗਿਸਤਾਨ ਵਰਗੇ ਇਲਾਕੇ ਵਿਚ ਵੀ ਤੁਹਾਨੂੰ ਸਹੂਲਤ ਭਰੇ ਢੰਗ ਨਾਲ ਰਹਿਣ 'ਚ ਮਦਦ ਕਰੇਗਾ। ਇਸ ਟਰੱਕ 'ਚ ਰਸੋਈ, ਬਾਥਰੂਮ, ਡਾਈਨਿੰਗ ਏਰੀਆ ਤੇ ਬੈੱਡ ਲੱਗਾ ਹੈ, ਜੋ ਤੁਹਾਡੇ ਬਾਹਰ ਹੋਣ 'ਤੇ ਵੀ ਘਰ ਵਰਗਾ ਆਰਾਮ ਦੇਣ ਦੇ ਕੰਮ ਆਏਗਾ। ਦੱਸ ਦੇਈਏ ਕਿ ਇਹ MAN (TGM) 4×4 ਟਰੱਕ ਹੈ, ਜਿਸ ਨੂੰ ਜਰਮਨੀ ਦੀ ਆਫਰੋਡ ਮੋਟਰਹੋਮ ਬਿਲਡਰ Unicat ਨੇ ਤਿਆਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ MD57 ਟਰੱਕ ਰੇਤ, ਚਿੱਕੜ ਤੇ ਬੁਰੀ ਤਰ੍ਹਾਂ ਟੁੱਟੇ ਉੱਚੇ-ਨੀਵੇਂ ਰਸਤੇ ਨੂੰ ਵੀ ਆਸਾਨੀ ਨਾਲ ਪਾਰ ਕਰ ਸਕਦਾ ਹੈ। ਇਸ ਟਰੱਕ ਨੂੰ ਖਾਸ ਤੌਰ 'ਤੇ ਜ਼ਿੰਦਗੀ ਜਿਊਣ ਲਈ ਵਰਤੋਂ 'ਚ ਲਿਆਂਦੀਆਂ ਜਾਣ ਵਾਲੀਆਂ ਬੇਹੱਦ ਜ਼ਰੂਰੀ ਵਸਤਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ ਹੈ।
6.9 ਲਿਟਰ ਦਾ ਪਾਵਰਫੁੱਲ ਇੰਜਣ
ਇਸ ਟਰੱਕ ਵਿਚ 6.9 ਲਿਟਰ ਦਾ 6 ਸਿਲੰਡਰ ਇੰਜਣ ਲੱਗਾ ਹੈ, ਜੋ 335 hp ਦੀ ਤਾਕਤ ਅਤੇ 1250 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 12 ਸਪੀਡ ਟਿਪਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਹ 4x4 ਟਰੱਕ ਸਾਰੇ ਟਾਇਰਾਂ ਤਕ ਬਰਾਬਰ ਪਾਵਰ ਪਹੁੰਚਾਉਂਦਾ ਹੈ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਉੱਚੇ-ਨੀਵੇਂ ਰਸਤੇ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ।
ਪਾਣੀ ਦੀ ਲੋੜ ਪੂਰੀ ਕਰੇਗਾ ਟਰੱਕ
ਰੇਗਿਸਤਾਨ ਵਰਗੇ ਗਰਮੀ ਭਰੇ ਇਲਾਕੇ ਵਿਚ ਬਿਨਾਂ ਝੰਜਟ ਪਾਣੀ ਦੀ ਲੋੜ ਪੂਰੀ ਕਰਨ ਲਈ ਇਸ ਵਿਚ 2 ਵੱਖ-ਵੱਖ ਟੈਂਕ ਲੱਗੇ ਹਨ, ਜੋ 640 ਲਿਟਰ ਤਕ ਪਾਣੀ ਸਟੋਰ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਵੀ ਜਗ੍ਹਾ ਪਾਣੀ ਦੀ ਲੋੜ ਪੂਰੀ ਕਰਨ ਵਿਚ ਸਮਰੱਥ ਹੈ।
ਟਰੱਕ 'ਚ ਲੱਗਾ ਲੱਕੜ ਦਾ ਫਰਨੀਚਰ
ਕੰਪਨੀ ਨੇ ਇਸ ਟਰੱਕ ਨੂੰ ਅੰਦਰੋਂ ਕਾਫੀ ਕੁਦਰਤੀ ਬਣਾਇਆ ਹੈ, ਮਤਲਬ ਇਸ ਨੂੰ ਦੇਖਣ 'ਤੇ ਯਕੀਨ ਕਰ ਸਕਣਾ ਮੁਸ਼ਕਲ ਹੈ ਕਿ ਇਹ ਟਰੱਕ ਹੈ। ਇਸ ਵਿਚ ਲੱਕੜ ਦਾ ਫਰਨੀਚਰ ਤੇ ਫਲੋਰ ਦਿੱਤਾ ਗਿਆ ਹੈ, ਜੋ ਬਿਲਕੁਲ ਘਰ ਵਰਗਾ ਮਹਿਸੂਸ ਹੁੰਦਾ ਹੈ। ਇਸ ਦੇ ਰੀਅਰ ਸਾਈਡ 'ਚ ਬੈੱਡ ਲੱਗਾ ਹੈ, ਜੋ ਕਿ ਆਰਾਮ ਕਰਨ ਲਈ
ਮਦਦਗਾਰ ਹੈ।
ਜਨਰੇਟਰ ਦਾ ਵੀ ਪ੍ਰਬੰਧ
ਧੁੱਪ ਨਾ ਨਿਕਲਣ ਦੀ ਹਾਲਤ ਵਿਚ ਟਰੱਕ ਦੇ ਸਾਰੇ ਇਲੈਕਟ੍ਰਾਨਿਕ ਯੰਤਰਾਂ ਨੂੰ ਚਲਾਉਣ ਲਈ ਇਸ ਵਿਚ 2-KW ਦਾ ਜਨਰੇਟਰ ਲੱਗਾ ਹੈ, ਜਿਸ ਨੂੰ ਅਸੀਂ ਆਮ ਤੌਰ 'ਤੇ ਘਰ ਵਿਚ ਬਿਜਲੀ ਜਾਣ 'ਤੇ ਵਰਤੋਂ 'ਚ ਲਿਆਉਂਦੇ ਹਾਂ।
ਜ਼ਿਆਦਾ ਗਰਮੀ ਲਈ ਕੀਤਾ ਗਿਆ ਖਾਸ ਪ੍ਰਬੰਧ
ਜ਼ਿਆਦਾ ਗਰਮੀ ਹੋਣ 'ਤੇ ਰਾਹਤ ਲਈ ਕੰਪਨੀ ਨੇ ਇਸ ਦੀ ਛੱਤ 'ਚ ਏਅਰ ਕੰਡੀਸ਼ਨਰ ਲਾਇਆ ਹੈ, ਜੋ ਬਹੁਤ ਘੱਟ ਸਮੇਂ ਵਿਚ ਟਰੱਕ ਦਾ ਤਾਪਮਾਨ ਠੰਡਾ ਕਰ ਦਿੰਦਾ ਹੈ।
ਬਿਜਲੀ ਦੀ ਲੋੜ ਪੂਰੀ ਕਰਨਗੇ ਸੋਲਰ ਪੈਨਲਸ
ਟਰੱਕ ਵਿਚ ਵੱਡੇ ਆਕਾਰ ਦਾ ਬੈਟਰੀ ਬੈਂਕ ਲੱਗਾ ਹੈ, ਜੋ ਟਰੱਕ ਦੇ ਉੱਪਰ ਲੱਗੇ ਸੋਲਰ ਪੈਨਲਸ ਨਾਲ ਚਾਰਜ ਹੁੰਦਾ ਹੈ। ਕੰਪਨੀ ਨੇ ਦੱਸਿਆ ਕਿ ਇਸ 630-Ah/24-V AGM ਬੈਟਰੀ ਬੈਂਕ ਨੂੰ 1620-W ਸੋਲਰ ਸਿਸਟਮ ਨਾਲ ਜੋੜਿਆ ਗਿਆ ਹੈ, ਜੋ ਧੁੱਪ ਨਾਲ ਬਿਜਲੀ ਪੈਦਾ ਕਰ ਕੇ ਬੈਟਰੀਆਂ ਵਿਚ ਸਟੋਰ ਕਰਦਾ ਹੈ, ਜੋ ਟਰੱਕ ਵਿਚ ਲੱਗੇ ਪੱਖਿਆਂ, ਐੱਲ. ਈ. ਡੀ. ਲਾਈਟਸ ਤੇ ਹੋਰ ਜ਼ਰੂਰੀ ਯੰਤਰਾਂ ਨੂੰ ਚਲਾਉਣ ਵਿਚ ਮਦਦ ਕਰਦਾ ਹੈ।
12,300 ਕਿਲੋ ਭਾਰਾ ਹੈ ਇਹ ਟਰੱਕ
ਟਰੱਕ ਦੀ ਲੰਬਾਈ 8.9 ਮੀਟਰ ਹੈ, ਜਿਸ ਵਿਚ 5.7 ਮੀਟਰ ਦਾ ਲਿਵਿੰਗ ਮਾਡਿਊਲ ਹੀ ਬਣਾਇਆ ਗਿਆ ਹੈ। Unicat ਨੇ ਦੱਸਿਆ ਕਿ ਜਿਥੇ ਇਸ ਟਰੱਕ ਦਾ ਭਾਰ 12,300 ਕਿਲੋ ਹੈ, ਉਥੇ ਹੀ ਜੇ ਇਸ ਦੇ ਵਾਟਰ ਟੈਂਕ ਨੂੰ ਫੁੱਲ ਕੀਤਾ ਜਾਵੇ ਅਤੇ 600 ਲਿਟਰ ਡੀਜ਼ਲ ਭਰਿਆ ਜਾਵੇ ਤਾਂ ਇਸ ਦਾ ਭਾਰ 13,900 ਕਿਲੋ ਤਕ ਹੋ ਜਾਂਦਾ ਹੈ।
ਰਸੋਈ 'ਚ ਲੱਗਾ ਹੈ ਓਵਨ ਤੇ ਫਰਿੱਜ
ਟਰੱਕ ਦੇ ਅੰਦਰ ਬਣਾਈ ਰਸੋਈ ਵਿਚ ਓਵਨ, ਮਾਈਕ੍ਰੋਵੇਵ ਤੇ ਫਰਿੱਜ/ਫ੍ਰੀਜ਼ਰ ਲੱਗਾ ਹੈ। ਇਸ ਤੋਂ ਇਲਾਵਾ ਸਟੇਨਲੈੱਸ ਸਟੀਲ ਨਾਲ ਬਣੇ ਸ਼ੈਂਕ ਵਿਚ ਪਾਣੀ ਗਰਮ ਕਰਨ ਦੀ ਵੀ ਸਹੂਲਤ ਹੈ। ਜ਼ਿਆਦਾ ਠੰਡੇ ਇਲਾਕੇ ਵਿਚ ਪਾਣੀ ਦੀ ਵਰਤੋਂ ਕਰਨ ਲਈ ਟਰੱਕ ਵਿਚ ਪਾਣੀ ਗਰਮ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ।
ਡਰਾਈਵਰ ਨੂੰ ਮਿਲਣਗੀਆਂ ਇਹ ਸਹੂਲਤਾਂ
ਡਰਾਈਵਰ ਕੈਬ ਵਿਚ 2 ਕਲਾਈਮੇਟ ਕੰਟਰੋਲਡ ਸੀਟਾਂ ਲਾਈਆਂ ਗਈਆਂ ਹਨ। ਇਸ ਵਿਚ ਇਕ ਰੀਅਰ ਵਿਊ ਕੈਮਰਾ, ਜੀ. ਪੀ. ਐੱਸ. ਨੈਵੀਗੇਸ਼ਨ ਸਿਸਟਮ ਤੇ ਅਲਪਾਈਨ ਦਾ ਬਲੂਟੁੱਥ ਕੁਨੈਕਟੀਵਿਟੀ ਨਾਲ ਲੈਸ ਆਡੀਓ ਸਿਸਟਮ ਲੱਗਾ ਹੈ।
ਮਨੋਰੰਜਨ ਲਈ ਲੱਗਾ ਹੈ 5.1 ਸਰਾਊਂਡ ਸਾਊਂਡ ਸਿਸਟਮ
MD57 ਟਰੱਕ 'ਚ ਬੋਸ ਕੰਪਨੀ ਵਲੋਂ ਤਿਆਰ 5.1 ਸਰਾਊਂਡ ਸਾਊਂਡ ਸਿਸਟਮ ਲੱਗਾ ਹੈ, ਜਿਸ ਨੂੰ ਟੀ. ਵੀ. ਨਾਲ ਜੋੜਿਆ ਗਿਆ ਹੈ। ਕੀਮਤ ਨੂੰ ਲੈ ਕੇ ਕੰਪਨੀ ਨੇ ਦੱਸਿਆ ਕਿ MD57 ਮਾਡਲ 6.64 ਲੱਖ ਯੂਰੋ (ਲਗਭਗ 5 ਕਰੋੜ 30 ਲੱਖ ਰੁਪਏ) 'ਚ ਮੁਹੱਈਆ ਕਰਵਾਇਆ ਜਾਵੇਗਾ।