ਵਿਸ਼ਵ ਦੇ ਤਾਕਤਵਾਰ ਮੁਲਕ USA ਦੀ GDP 'ਚ 31 ਫੀਸਦੀ ਦੀ ਵੱਡੀ ਗਿਰਾਵਟ

Wednesday, Sep 30, 2020 - 07:21 PM (IST)

ਵਿਸ਼ਵ ਦੇ ਤਾਕਤਵਾਰ ਮੁਲਕ USA ਦੀ GDP 'ਚ 31 ਫੀਸਦੀ ਦੀ ਵੱਡੀ ਗਿਰਾਵਟ

ਵਾਸ਼ਿੰਗਟਨ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਨੂੰ ਵੱਡਾ ਝਟਕਾ ਲੱਗਾ ਹੈ। ਸੰਯੁਕਤ ਰਾਜ ਅਮਰੀਕਾ ਦੇ ਵਣਜ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੀ ਜੀ. ਡੀ. ਪੀ. 'ਚ ਦੂਜੀ ਤਿਮਾਹੀ ਯਾਨੀ ਅਪ੍ਰੈਲ-ਜੂਨ 'ਚ 31.4 ਫੀਸਦੀ ਦੀ ਗਿਰਾਵਟ ਆਈ ਹੈ।

 ਜੀ. ਡੀ. ਪੀ. 'ਚ ਗਿਰਾਵਟ ਦਾ ਮਤਲਬ ਹੈ ਕਿ ਲੋਕਾਂ ਨੂੰ ਰੋਜ਼ਗਾਰ ਦੀ ਤੰਗੀ ਰਹੀ ਅਤੇ ਅਰਥਵਿਵਸਥਾ 'ਚ ਨਿਵੇਸ਼ ਵੀ ਸੁਸਤ ਰਿਹਾ। ਰਾਸ਼ਟਰਪਤੀ ਚੋਣਾਂ ਵਿਚਕਾਰ ਼ਡੋਨਾਲਡ ਟਰੰਪ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਗੌਰਤਲਬ ਹੈ ਕਿ ਜੂਨ ਤਿਮਾਹੀ 'ਚ ਭਾਰਤੀ ਅਰਥਵਿਵਸਥਾ ਨੇ 23.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਸੀ। ਇਹ ਭਾਰਤ ਵੱਲੋਂ 1996 ਤੋਂ ਤਿਮਾਹੀ ਅੰਕੜੇ ਜਾਰੀ ਹੋਣ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਖ਼ਰਾਬ ਅੰਕੜਾ ਹੈ।

ਉੱਥੇ ਹੀ, ਅਮਰੀਕਾ ਨੇ ਇਸ ਤੋਂ ਪਹਿਲਾਂ 1958 ਦੀ ਪਹਿਲੀ ਤਿਮਾਹੀ 'ਚ 10 ਫੀਸਦੀ ਦੀ ਗਿਰਾਵਟ ਦੇਖੀ ਸੀ, ਜਦੋਂ ਡਵਾਈਟ ਆਈਜ਼ਨਹੋਵਰ ਰਾਸ਼ਟਰਪਤੀ ਸਨ।

ਹਾਲਾਂਕਿ, ਸੰਯੁਕਤ ਰਾਜ ਅਮਰੀਕਾ ਦੀ ਦੂਜੀ ਤਿਮਾਹੀ 'ਚ ਗਿਰਾਵਟ ਨੂੰ ਲੈ ਕੇ ਬਾਜ਼ਾਰ ਪਹਿਲਾਂ ਹੀ ਜਾਣਦਾ ਸੀ। ਜੀ. ਡੀ. ਪੀ. 'ਚ 31.7 ਫੀਸਦੀ ਗਿਰਾਵਟ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਇਹ ਇਸ ਤੋਂ ਮਾਮੂਲੀ ਘੱਟ ਰਹੀ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਤਿਮਾਹੀ ;ਚ ਆਰਥਿਕਤਾ 30 ਫੀਸਦੀ ਦੀ ਸਲਾਨਾ ਦਰ ਨਾਲ ਵਿਕਸਤ ਹੋਵੇਗੀ ਕਿਉਂਕਿ ਕਾਰੋਬਾਰ ਦੁਬਾਰਾ ਖੁੱਲ੍ਹ ਗਏ ਹਨ ਅਤੇ ਲੱਖਾਂ ਲੋਕ ਕੰਮ ਤੇ ਵਾਪਸ ਚਲੇ ਗਏ ਹਨ।

GDP ਕੀ ਪ੍ਰਭਾਵ ਪਾਉਂਦੀ ਹੈ?
ਜੀ. ਡੀ. ਪੀ. ਆਰਥਿਕ ਉਤਪਾਦਨ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਇਹ ਦੇਸ਼ ਦੀ ਆਰਥਿਕਤਾ ਨਾਲ ਜੁੜੇ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਵਧਣ ਜਾਂ ਘੱਟ ਹੋਣ ਦੀ ਸਥਿਤੀ 'ਚ ਸਟਾਕ ਮਾਰਕੀਟ ਪ੍ਰਭਾਵਿਤ ਹੁੰਦੀ ਹੈ। ਨਕਾਰਾਤਮਕ ਜੀ. ਡੀ. ਪੀ. ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਨਕਾਰਾਤਮਕ ਜੀ. ਡੀ. ਪੀ. ਅਸਲ 'ਚ ਦੇਸ਼ ਦੇ ਆਰਥਿਕ ਮੰਦੀ 'ਚ ਧਸਣ ਦੀ ਨਿਸ਼ਾਨੀ ਹੈ। ਅਜਿਹੇ ਸਮੇਂ ਜਦੋਂ ਦੇਸ਼ 'ਚ ਉਤਪਾਦਨ ਘੱਟਦਾ ਹੈ ਤਾਂ ਬੇਰੋਜ਼ਗਾਰੀ 'ਚ ਵਾਧਾ ਹੁੰਦਾ ਹੈ। ਇਸ ਕਾਰਨ ਹਰ ਵਿਅਕਤੀ ਦੇ ਕੰਮ, ਆਮਦਨੀ, ਖਰਚ ਕਰਨ ਤੇ ਨਿਵੇਸ਼ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।


author

Sanjeev

Content Editor

Related News