U.S. Fed ਨੇ 10 ਸਾਲਾਂ ਪਿੱਛੋਂ ਪਾਲਿਸੀ ਦਰਾਂ ਵਿਚ 0.25% ਕਮੀ ਕੀਤੀ

08/01/2019 9:42:51 AM

ਵਾਸ਼ਿੰਗਟਨ—  ਯੂ. ਐੱਸ. 'ਚ ਬੈਂਕਿੰਗ ਲੋਨ ਸਸਤੇ ਹੋਣ ਜਾ ਰਹੇ ਹਨ। ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਪਾਲਿਸੀ ਦਰਾਂ 'ਚ 0.25 ਫੀਸਦੀ ਦੀ ਕਮੀ ਕਰ ਦਿੱਤੀ ਹੈ, ਜੋ 2008 ਤੋਂ ਬਾਅਦ ਪਹਿਲੀ ਵਾਰ ਕੀਤੀ ਗਈ ਹੈ।

 

ਫੈਡਰਲ ਰਿਜ਼ਰਵ ਚੇਅਰਮੈਨ ਜੇਰੋਮ ਪਾਵੇਲ ਨੇ ਗਲੋਬਲ ਮੰਦੀ ਦੇ ਸੰਕੇਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਵਪਾਰ ਤਣਾਅ ਨੂੰ ਘੱਟ ਕਰਨ ਤੇ ਉਧਾਰ ਲੈਣ ਦੀ ਲਾਗਤ ਨੂੰ ਘੱਟ ਕਰਨ ਲਈ ਕੇਂਦਰੀ ਬੈਂਕ ਨੇ ਵਿਆਜ ਦਰਾਂ 'ਚ ਕਮੀ ਕੀਤੀ ਹੈ।

ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਦਰਾਂ 'ਚ ਕਟੌਤੀ ਦਾ ਸਿਲਸਿਲਾ ਅੱਗੇ ਸ਼ੁਰੂ ਨਹੀਂ ਹੋਣ ਵਾਲਾ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਦਰਾਂ 'ਚ ਇਹ ਇਕ ਕਟੌਤੀ ਨਹੀਂ ਹੈ। ਜੇਰੋਮ ਦੀ ਅਗਵਾਈ ਵਾਲੀ ਕਮੇਟੀ 'ਚੋਂ 8 ਨੀਤੀ ਨਿਰਮਾਤਾਵਾਂ ਨੇ ਦਰਾਂ 'ਚ ਕਟੌਤੀ ਦਾ ਸਮਰਥਨ ਕੀਤਾ, ਜਦੋਂ ਕਿ ਦੋ ਨੇ ਵਿਰੋਧ 'ਚ ਵੋਟ ਕੀਤੀ। ਹੁਣ ਕਟੌਤੀ ਮਗਰੋਂ ਪਾਲਿਸੀ ਦਰਾਂ 2 ਫੀਸਦੀ ਤੇ 2.25 ਫੀਸਦੀ ਵਿਚਕਾਰ ਹਨ। ਪਾਲਿਸੀ ਦਰਾਂ 'ਚ ਕਮੀ ਲਈ ਟਰੰਪ ਵੱਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਉੱਥੇ ਹੀ, ਭਵਿੱਖ 'ਚ ਪਾਲਿਸੀ ਨੂੰ ਲੈ ਕੇ ਤੁਰੰਤ ਕੋਈ ਸਪੱਸ਼ਟ ਸੰਕੇਤ ਨਾ ਮਿਲਣ ਕਾਰਨ ਯੂ. ਐੱਸ. ਬਾਜ਼ਾਰਾਂ 'ਚ ਭਾਰੀ ਗਿਰਾਵਟ ਦਰਜ ਹੋਈ। ਡਾਓ 300 ਤੋਂ ਵੱਧ ਅੰਕ ਡਿੱਗਾ। ਐੱਸ. ਐਂਡ. ਪੀ. 500 ਤੇ ਨੈਸਡੈਕ ਵੀ 1 ਫੀਸਦੀ ਤੋਂ ਵੱਧ ਦੀ ਗਿਰਾਵਟ 'ਚ ਬੰਦ ਹੋਏ।


Related News