USA ਬੰਦਰਗਾਹਾਂ 'ਤੇ ਚੀਨੀ ਸਮਾਨਾਂ 'ਤੇ ਟੈਰਿਫ ਲੱਗਣਾ ਸ਼ੁਰੂ
Saturday, Jun 01, 2019 - 02:54 PM (IST)

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸਮੁੰਦਰੀ ਬੰਦਰਗਾਹਾਂ 'ਤੇ ਪਹੁੰਚਣ ਵਾਲੇ ਚੀਨੀ ਸਮਾਨਾਂ 'ਤੇ 25 ਫੀਸਦੀ ਟੈਰਿਫ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸਪੱਸ਼ਟ ਹੈ ਕਿ ਚੀਨ ਅਤੇ ਅਮਰੀਕਾ ਵਿਚਕਾਰ ਤਣਾਤਣੀ ਖਤਮ ਨਹੀਂ ਹੋਣ ਵਾਲੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 10 ਮਈ 2019 ਨੂੰ 200 ਅਰਬ ਡਾਲਰ ਦੇ ਚੀਨੀ ਸਮਾਨਾਂ 'ਤੇ ਡਿਊਟੀ ਵਧਾਈ ਸੀ ਪਰ ਇਸ ਤਰੀਕ ਤੋਂ ਪਹਿਲਾਂ ਮਾਲ ਲੈ ਕੇ ਸਮੁੰਦਰੀ ਰਸਤਿਓਂ ਰਵਾਨਾ ਹੋਏ ਚੀਨੀ ਕਾਰਗੋ ਜਹਾਜ਼ਾਂ ਨੂੰ ਰਾਹਤ ਦਿੱਤੀ ਗਈ ਸੀ। ਹਾਲਾਂਕਿ ਬੰਦਰਗਾਹਾਂ 'ਤੇ ਪਹੁੰਚਣ ਵਾਲੇ ਮਾਲ 'ਤੇ 1 ਜੂਨ 2019 ਤੋਂ ਡਿਊਟੀ ਲਾਉਣ ਦੀ ਤਰੀਕ ਨਿਰਧਾਰਤ ਕੀਤੀ ਸੀ।
200 ਅਰਬ ਡਾਲਰ ਦੇ ਚੀਨੀ ਇੰਪੋਰਟ 'ਤੇ 25 ਫੀਸਦੀ ਡਿਊਟੀ ਲਗਾਈ ਗਈ ਹੈ, ਜਦੋਂ ਕਿ ਪਹਿਲਾਂ ਇਨ੍ਹਾਂ 'ਤੇ 10 ਫੀਸਦੀ ਤਕ ਟੈਰਿਫ ਲੱਗਦਾ ਸੀ। ਇਸ ਕਦਮ ਨਾਲ ਚੀਨੀ ਵੈਕਿਊਮ ਕਲੀਨਰ, ਲਾਈਟਿੰਗ ਪ੍ਰਾਡਕਟਸ, ਇੰਟਰਨੈੱਟ ਮਾਡਮ, ਰੂਟਰਸ ਤੇ ਪ੍ਰਿੰਟਡ ਸਰਕਟ ਬੋਰਡ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ, ਜਿਸ ਨਾਲ ਚੀਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉੱਥੇ ਹੀ, ਅਮਰੀਕਾ ਖਿਲਾਫ ਜਵਾਬੀ ਕਦਮ ਚੁੱਕਦੇ ਹੋਏ ਚੀਨ ਨੇ ਵੀ 60 ਅਰਬ ਡਾਲਰ ਦੇ ਇੰਪੋਰਟ 'ਤੇ ਟੈਰਿਫ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਚੀਨ ਨੇ 5,140 ਅਮਰੀਕੀ ਪ੍ਰਾਡਕਟਸ 'ਤੇ 20 ਤੋਂ 25 ਫੀਸਦੀ ਤਕ ਇੰਪੋਰਟ ਡਿਊਟੀ ਲਾਈ ਹੈ। ਇਸ ਤੋਂ ਪਹਿਲਾਂ ਚੀਨ ਇਨ੍ਹਾਂ 'ਤੇ 5 ਤੋਂ 10 ਫੀਸਦੀ ਤਕ ਡਿਊਟੀ ਵਸੂਲ ਰਿਹਾ ਸੀ।