ਟਰੰਪ ਦਾ ਚੀਨ ਨੂੰ ਤਕੜਾ ਝਟਕਾ, ਦਰਜਨਾਂ ਚੀਨੀ ਫਰਮਾਂ ਨੂੰ ਕੀਤਾ ਬਲੈਕਲਿਸਟ

Saturday, Dec 19, 2020 - 12:24 AM (IST)

ਟਰੰਪ ਦਾ ਚੀਨ ਨੂੰ ਤਕੜਾ ਝਟਕਾ, ਦਰਜਨਾਂ ਚੀਨੀ ਫਰਮਾਂ ਨੂੰ ਕੀਤਾ ਬਲੈਕਲਿਸਟ

ਵਾਸ਼ਿੰਗਟਨ- ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਅਹੁਦਾ ਛੱਡਣ ਦੇ ਆਖ਼ਰੀ ਹਫਤਿਆਂ ਵਿਚ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਚਿੱਪ ਮੇਕਰ ਐੱਸ. ਐੱਮ. ਆਈ. ਸੀ. ਅਤੇ ਚੀਨੀ ਡਰੋਨ ਨਿਰਮਾਤਾ ਐੱਸ. ਜ਼ੈਡ.- ਡੀ. ਜੇ. ਆਈ. ਟੈਕਨੋਲੋਜੀ ਕੋ. ਸਣੇ ਦਰਜਨਾਂ ਚੀਨੀ ਕੰਪਨੀਆਂ ਨੂੰ ਟਰੇਡ ਬਲੈਕਲਿਸਟ ਵਿਚ ਪਾ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਚੀਨੀ ਫੌਜ ਦੇ ਪ੍ਰੋਗਰਾਮਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਰਗੀਆਂ ਗਤੀਵਧੀਆਂ ਦੇ ਸਮਰਥਨ ਵਿਚ ਬਲੈਕਲਿਸਟ ਕੀਤਾ ਗਿਆ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋ ਬਾਈਡੇਨ ਨੂੰ ਰਸਮੀ ਤੌਰ 'ਤੇ ਅਹੁਦਾ ਦੇਣ ਤੋਂ ਪਹਿਲਾਂ ਚੀਨ ਵਿਰੁੱਧ ਵਧੇਰੇ ਪਾਬੰਦੀਆਂ ਲਾਉਣ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ।

ਯੂ. ਐੱਸ. ਨੇ ਤਕਰੀਬਨ 60 ਚੀਨੀ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਹੈ। ਬਲੈਕਲਿਸਟ ਵਿਚ ਸ਼ਾਮਲ ਕੰਪਨੀਆਂ ਨੂੰ ਹੁਣ ਅਮਰੀਕੀ ਤਕਨਾਲੋਜੀ ਖ਼ਰੀਦ ਲਈ ਆਸਾਨ ਪਹੁੰਚ ਨਹੀਂ ਮਿਲੇਗੀ। ਅਮਰੀਕੀ ਕੰਪਨੀਆਂ ਨੂੰ ਇਨ੍ਹਾਂ ਨੂੰ ਤਕਨਾਲੋਜੀ ਵੇਚਣ ਤੋਂ ਪਹਿਲਾਂ ਲਾਇਸੈਂਸ ਲੈਣਾ ਪਵੇਗਾ। ਚੀਨ ਦੀ ਚੋਟੀ ਦੇ ਚਿੱਪਮੇਕਰ ਐੱਸ. ਐੱਮ. ਆਈ. ਸੀ. ਲਈ ਇਹ ਵੱਡਾ ਝਟਕਾ ਹੈ। ਚਿੱਪਮੇਕਰ ਐੱਸ. ਐੱਮ. ਆਈ. ਸੀ. ਦੀ ਚੀਨੀ ਫੌਜ ਨਾਲ ਉਸ ਦੇ ਕਥਿਤ ਸਬੰਧਾਂ ਕਾਰਨ ਅਮਰੀਕੀ ਤਕਨਾਲੋਜੀ ਤੱਕ ਪਹੁੰਚ ਸੀਮਤ ਕੀਤੀ ਗਈ ਹੈ। ਕਾਮਰਸ ਸਕੱਤਰ ਵਿਲਬਰ ਰੋਜ਼ ਨੇ ਸਾਫ਼ ਕੀਤਾ ਹੈ ਕਿ ਅਮਰੀਕਾ ਦੀ ਉੱਚ ਆਧੁਨਿਕ ਤਕਨਾਲੋਜੀ ਐੱਸ. ਐੱਮ. ਆਈ. ਸੀ. ਨੂੰ ਵੇਚਣ ਲਈ ਲਾਇਸੈਂਸ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਐੱਸ. ਐੱਮ. ਆਈ. ਸੀ. ਚੀਨੀ ਦੀ ਸਭ ਤੋਂ ਵੱਡੀ ਚਿੱਪ ਨਿਰਮਾਤਾ ਹੈ। ਗੌਰਤਲਬ ਹੈ ਕਿ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ, ਚੀਨ ਵੱਲੋਂ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਅਤੇ ਦੱਖਣੀ ਚੀਨ ਸਾਗਰ ਵਿਚ ਵੱਧ ਰਹੇ ਤਣਾਅ ਕਾਰਨ ਪਿਛਲੇ ਸਾਲ ਨਾਲੋਂ ਵਾਸ਼ਿੰਗਟਨ ਅਤੇ ਬੀਜਿੰਗ ਦਰਮਿਆਨ ਮਤਭੇਦ ਤੇਜ਼ੀ ਨਾਲ ਵਧੇ ਹਨ।


author

Sanjeev

Content Editor

Related News