ਕੈਨੇਡਾ ਨੂੰ ਟਰੰਪ ਨੇ ਦਿੱਤੀ ਇਹ ਵੱਡੀ ਰਾਹਤ, ਲੋਕਾਂ ਨੂੰ ਮਿਲੇਗਾ ਰੋਜ਼ਗਾਰ
Saturday, May 18, 2019 - 03:58 PM (IST)
ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਦੀ ਸਟੀਲ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ। ਕੈਨੇਡਾ ਤੇ ਮੈਕਸੀਕੋ ਦੇ ਸਟੀਲ ਅਤੇ ਐਲੂਮੀਨੀਅਮ 'ਤੇ ਲੱਗੀ ਇੰਪੋਰਟ ਡਿਊਟੀ ਹਟਾ ਦਿੱਤੀ ਗਈ ਹੈ।
ਉੱਥੇ ਹੀ, ਕੈਨੇਡਾ ਵੱਲੋਂ ਵੀ 48 ਘੰਟੇ ਅੰਦਰ ਅਮਰੀਕੀ ਸਮਾਨਾਂ 'ਤੇ ਜਵਾਬੀ ਕਾਰਵਾਈ 'ਚ ਲਗਾਈ ਗਈ ਡਿਊਟੀ ਹਟਾ ਦਿੱਤੀ ਜਾਵੇਗੀ। ਇਨ੍ਹਾਂ 3 ਉੱਤਰੀ ਅਮਰੀਕੀ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕੇ ਖਿੱਚੋਤਾਣ ਖਤਮ ਹੋਣ ਨਾਲ ਸਟੀਲ ਇੰਡਸਟਰੀ 'ਚ ਰੋਜ਼ਗਾਰ ਵਧਣ ਦੀ ਸੰਭਾਵਨਾ ਹੈ, ਖਾਸ ਕਰਕੇ ਕੈਨੇਡਾ ਨੂੰ ਇਸ ਦਾ ਫਾਇਦਾ ਮਿਲੇਗਾ। ਕੈਨੇਡਾ ਦਾ ਤਕਰੀਬਨ 90 ਫੀਸਦੀ ਸਟੀਲ ਅਤੇ ਐਲੂਨੀਅਮ ਅਮਰੀਕਾ ਨੂੰ ਜਾਂਦਾ ਹੈ। ਇੰਪੋਰਟ 'ਤੇ ਟੈਰਿਫ ਕਾਰਨ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਰੋਜ਼ਾਨਾ ਭਾਰੀ ਨੁਕਸਾਨ ਹੋ ਰਿਹਾ ਸੀ, ਜਿਸ ਕਾਰਨ ਰੋਜ਼ਗਾਰਾਂ 'ਤੇ ਸੰਕਟ ਵੱਧ ਰਿਹਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 10 ਫੀਸਦੀ ਟੈਰਿਫ ਲਾ ਦਿੱਤਾ ਸੀ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਬੈਠਕ 'ਚ ਕਿਹਾ, 'ਮੈਨੂੰ ਇਹ ਦੱਸਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਸਾਡਾ ਕੈਨੇਡਾ ਤੇ ਮੈਕਸੀਕੋ ਨਾਲ ਸਮਝੌਤਾ ਹੋ ਗਿਆ ਹੈ। ਅਸੀਂ ਇਨ੍ਹਾਂ ਦੇਸ਼ਾਂ 'ਚ ਆਪਣੇ ਸਮਾਨ ਬਿਨਾਂ ਡਿਊਟੀ ਜਾਂ ਕਿਸੇ ਵੱਡੇ ਟੈਰਿਫ ਦੇ ਵੇਚ ਸਕਾਂਗੇ।'' ਉੱਥੇ ਹੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਤਿੰਨੋਂ ਉੱਤਰੀ ਅਮਰੀਕੀ ਦੇਸ਼ਾਂ ਵਿਚਕਾਰ ਹੋਏ ਇਸ ਸਮਝੌਤੇ ਨਾਲ ਕੈਨੇਡਾ ਦੇ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ 'ਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ।
