ਟਵਿੱਟਰ ਦਾ ਆਈਕਾਨਿਕ ਬਲੂ ਬਰਡ ਲੋਗੋ ਵਿਕਿਆ
Sunday, Mar 23, 2025 - 04:18 AM (IST)
 
            
            ਨਵੀਂ ਦਿੱਲੀ - ਟਵਿੱਟਰ ਨੂੰ ਲੰਬੇ ਸਮੇਂ ਤੋਂ ਬਲੂ ਬਰਡ ਵਜੋਂ ਪਛਾਣਿਆ ਜਾਂਦਾ ਰਿਹਾ ਹੈ, ਪਰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਜਦੋਂ ਤੋਂ ਐਲਨ ਮਸਕ ਨੇ ਆਪਣੇ ਹੱਥਾਂ ’ਚ ਲਿਆ, ਉਸ ਤੋਂ ਬਾਅਦ ਇਸ ਵਿਚ ਲਗਾਤਾਰ ਕਈ ਤਰਾਂ ਦੇ ਬਦਲਾਵ ਕੀਤੇ ਗਏ। ਸਭ ਤੋਂ ਪਹਿਲਾਂ ਇਸਦਾ ਨਾਮ ਬਦਲ ਕੇ ਐਕਸ ਰੱਖਿਆ ਗਿਆ। ਉਸੇ ਤਰ੍ਹਾਂ, ਅਮਰੀਕਾ ਦੇ ਸਾਨ ਫ੍ਰਾਂਸਿਸਕੋ ਸਥਿਤ ਹੈੱਡਕੁਆਰਟਰ ’ਤੇ ਲਗੇ ਬਲੂ ਬਰਡ ਵਾਲੇ ਆਇਕਾਨਿਕ ਲੋਗੋ ਦੀ ਹੁਣ ਬੋਲੀ ਲੱਗ ਗਈ ਹੈ। ਬਲੂ ਬਰਡ ਨੂੰ ਬੋਲੀ ’ਚ 34,375 ਡਾਲਰ, ਜਿਸ ਨੂੰ ਲੱਗਭਗ 30 ਲਖ ਰੁਪਏ ’ਚ ਵੇਚਿਆ ਗਿਆ ਹੈ। ਨੀਲਾਮੀ ਕਰਨ ਵਾਲੀ ਕੰਪਨੀ ਦੇ ਪੀ. ਆਰ. ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਲੱਗਭਗ 254 ਕਿੱਲੋ ਵਜ਼ਨ ਵਾਲੇ ਤੇ 12 ਫੁੱਟ ਲੰਬੇ, 9 ਫੁੱਟ ਚੌੜੇ ਇਸ ਬਲੂ ਬਰਡ ਲੋਗੋ ਦੇ ਖਰੀਦਦਾਰ ਦੀ ਪਹਚਾਣ ਨਹੀਂ ਦੱਸੀ ਗਈ ਹੈ।
ਹਾਲਾਂਕਿ, ਜਿਸ ਬੋਲੀ ’ਚ ਬਲੂ ਬਰਡ ਦੀ ਨੀਲਾਮੀ ਹੋਈ, ਉੱਥੇ ਐਪਲ-1 ਕੰਪਿਊਟਰ ਦੀ ਲੱਗਭਗ 3.22 ਕਰੋੜ ਰੁਪਏ (3.75 ਲੱਖ ਡਾਲਰ) ਤੇ ਸਟੀਵ ਜੌਬਜ਼ ਦੁਆਰਾ ਸਾਈਨ ਕੀਤਾ ਗਿਆ ਐਪਲ ਦਾ ਇਕ ਚੈਕ ਲੱਗਭਗ 96.3 ਲੱਖ ਰੁਪਏ (1,12,054 ਡਾਲਰ) ਵਿਚ ਨੀਲਾਮ ਕੀਤਾ ਗਿਆ, ਜਦਕਿ ਪਹਿਲੀ ਜੈਨਰੇਸ਼ਨ ਦਾ 4 ਜੀਬੀ ਆਈਫੋਨ, ਜੋ ਕਿ ਸੀਲਡ ਪੈਕ ਸੀ, ਉਸਨੂੰ 87,514 ਡਾਲਰ ਵਿਚ ਵੇਚਿਆ ਗਿਆ। ਭਾਵੇਂ ਬਲੂ ਬਰਡ ਦਾ ਇਹ ਲੋਗੋ ਹੁਣ ਮਾਈਕ੍ਰੋ ਬਲੌਗਿੰਗ ਵੈੱਬਸਾਈਟ ਐਕਸ ਦਾ ਹਿੱਸਾ ਨਹੀਂ ਹੈ, ਪਰ ਸੋਸ਼ਲ ਮੀਡੀਆ ’ਚ ਜਿਸ ਤਰ੍ਹਾਂ ਐਪਲ ਜਾਂ ਨਾਈਕ ਦੀ ਪਛਾਣ ਹੈ, ਇਸ ਦੀ ਪਛਾਣ ਪਹਿਲਾਂ ਵਾਂਗ ਹੀ ਬਣੀ ਹੋਈ ਹੈ।
ਧਿਆਨਯੋਗ ਹੈ ਕਿ ਸਾਲ 2022 ’ਚ ਐਲਨ ਮਸਕ ਨੇ ਮਾਈਕ੍ਰੋ ਬਲੌਗਿੰਗ ਵੈਬਸਾਈਟ ਟਵਿੱਟਰ ਨੂੰ ਲੱਗਭਗ 3368 ਅਰਬ ਰੁਪਏ (44 ਬਿਲੀਅਨ ਡਾਲਰ) ਵਿੱਚ ਖਰੀਦਣ ਦਾ ਐਲਾਨ ਕੀਤਾ ਸੀ। ਡੀਲ ਹੋਣ ਤੋਂ ਬਾਅਦ ਉਸ ਸਮੇਂ ਐਲਨ ਮਸਕ ਨੇ ਕਿਹਾ ਸੀ ਕਿ ਲੋਕਤੰਤਰ ਦੇ ਸੁਚਾਰੂ ਰੂਪ ’ਚ ਚਲਣ ਲਈ ਫ੍ਰੀ ਸਪੀਚ ਜਰੂਰੀ ਹੈ। ਉਨਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਟਵਿੱਟਰ ਦਾ ਪ੍ਰੋਡਕਟ ਨਵੇਂ ਫੀਚਰਾਂ ਤੇ ਸੁਧਾਰਾਂ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਸਪੇਸ ਬਣਾਇਆ ਜਾਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            