ਖ਼ਤਮ ਨਹੀਂ ਹੋਈ ਟਵਿੱਟਰ ਡੀਲ, ਹੁਣ ਐਲਨ ਮਸਕ ਨੇ ਕਰ ਦਿੱਤਾ ਇਹ ਵੱਡਾ ਐਲਾਨ
Wednesday, Oct 05, 2022 - 02:17 AM (IST)

ਨਿਊਯਾਰਕ : ਐਲਨ ਮਸਕ ਵੱਲੋਂ ਕਈ ਮਹੀਨਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਟਵਿੱਟਰ ਨੂੰ ਹਾਸਲ ਕਰਨ ਲਈ 44 ਅਰਬ ਡਾਲਰ ਦੇ ਸੌਦੇ ’ਤੇ ਅੱਗੇ ਵਧਣ ਦੀਆਂ ਖ਼ਬਰਾਂ ਨਾਲ ਕੰਪਨੀ ਦੇ ਸ਼ੇਅਰਾਂ ’ਚ ਉਛਾਲ ਆਇਆ, ਜਿਸ ਤੋਂ ਬਾਅਦ ਸ਼ੇਅਰਾਂ ਦਾ ਕਾਰੋਬਾਰ ਰੋਕਣਾ ਪਿਆ। ਸਭ ਤੋਂ ਪਹਿਲਾਂ ਇਹ ਖ਼ਬਰ ਬਲੂਮਬਰਗ ਨਿਊਜ਼ ਨੇ ਕੁਝ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਸੀ। ਮਸਕ ਨੇ ਸੋਸ਼ਲ ਮੀਡੀਆ ਕੰਪਨੀ ਨੂੰ 54.20 ਡਾਲਰ ਪ੍ਰਤੀ ਸ਼ੇਅਰ ਦੇ ਭਾਅ ਹਾਸਲ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : IND vs SA, 3rd T20I : 49 ਦੌੜਾਂ ਨਾਲ ਹਾਰਿਆ ਭਾਰਤ, 2-1 ਨਾਲ ਦੱਖਣੀ ਅਫ਼ਰੀਕਾ ਤੋਂ ਜਿੱਤੀ ਸੀਰੀਜ਼
ਸੌਦੇ ’ਤੇ ਅੱਗੇ ਵਧਣ ਦੀਆਂ ਖ਼ਬਰਾਂ ਵਿਚਕਾਰ ਕੰਪਨੀ ਦੇ ਸ਼ੇਅਰ 13 ਫੀਸਦੀ ਚੜ੍ਹ ਕੇ 47.95 ਪ੍ਰਤੀ ਡਾਲਰ ’ਤੇ ਪਹੁੰਚ ਗਏ। ਇਸ ਕਾਰਨ ਸ਼ੇਅਰਾਂ ਦਾ ਕਾਰੋਬਾਰ ਬੰਦ ਕਰਨਾ ਪਿਆ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਮਸਕ ਨੇ ਟਵਿੱਟਰ ਨੂੰ ਪੱਤਰ ਭੇਜ ਕੇ ਸੌਦਾ ਪੂਰਾ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਹੈ। ਇਸ ਸੌਦੇ ਨੂੰ ਸ਼ੇਅਰਧਾਰਕਾਂ ਦੀ ਮਨਜ਼ੂਰੀ ਪਹਿਲਾਂ ਤੋਂ ਮਿਲੀ ਹੋਈ ਹੈ।
ਦੱਸ ਦੇਈਏ ਕਿ ਮਸਕ ਨੇ ਜਿਵੇਂ ਹੀ ਟਵਿੱਟਰ ਨਾਲ ਡੀਲ ਰੱਦ ਕੀਤੀ ਸੀ, ਕੰਪਨੀ ਦੇ ਸ਼ੇਅਰ ਬੁਰੀ ਤਰ੍ਹਾਂ ਟੁੱਟ ਗਏ ਸਨ। 12 ਜੁਲਾਈ ਨੂੰ ਕੰਪਨੀ ਦੇ ਸ਼ੇਅਰਾਂ ’ਚ 11 ਪ੍ਰਤੀਸ਼ਤ ਤੋਂ ਵੱਧ ਗਿਰਾਵਟ ਆਉਣ ਤੋਂ ਬਾਅਦ ਨਿਵੇਸ਼ਕਾਂ ਦੇ 3.2 ਅਰਬ ਡਾਲ ਸਾਫ ਹੋ ਗਏ ਸਨ ਪਰ ਹੁਣ ਫਿਰ ਡੀਲ ਨੂੰ ਲੈ ਕੇ ਮਸਕ ਐਕਟਿਵ ਹੋ ਗਏ ਹਨ, ਇਸ ਦਾ ਟਵਿੱਟਰ ਦੇ ਸ਼ੇਅਰਾਂ ’ਤੇ ਵੀ ਵੱਡਾ ਅਸਰ ਹੋ ਸਕਦਾ ਹੈ।