ਟਰੰਪ ਨੇ ਚੀਨੀ ਮਾਲ ''ਤੇ ਕੱਸੀ ਨਕੇਲ, ਲਾਇਆ ਭਾਰੀ ਟੈਕਸ

Tuesday, Jan 23, 2018 - 03:28 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਚੀਨ ਖਿਲਾਫ ਜਿਸ ਕਾਰੋਬਾਰੀ ਜੰਗ ਦਾ ਐਲਾਨ ਕੀਤਾ ਸੀ, ਉਸ 'ਚ ਹੁਣ ਉਹ ਪੂਰੀ ਤਰ੍ਹਾਂ ਕੁੱਦ ਗਏ ਹਨ। ਸਿਰਫ ਕੁਝ ਹੀ ਦਿਨਾਂ 'ਚ ਅਮਰੀਕਾ ਨੇ ਚੀਨ ਨੂੰ ਇਕ ਦੇ ਬਾਅਦ ਇਕ ਤਿੰਨ ਜ਼ੋਰਦਾਰ ਝਟਕੇ ਦਿੱਤੇ ਹਨ। ਟਰੰਪ ਨੇ ਤਾਜ਼ਾ ਝਟਕਾ ਚੀਨ ਦੇ ਸੋਲਰ ਅਤੇ ਵਾਸ਼ਿੰਗ ਮਸ਼ੀਨ ਕਾਰੋਬਾਰ ਨੂੰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਉੱਥੋਂ ਆਉਣ ਵਾਲੇ ਸੋਲਰ ਸੈਲ ਅਤੇ ਵਾਸ਼ਿੰਗ ਮਸ਼ੀਨ 'ਤੇ ਭਾਰੀ ਟੈਕਸ ਲਾ ਦਿੱਤਾ ਹੈ। ਦਰਅਸਲ ਚੀਨ ਆਪਣੇ ਕਾਰੋਬਾਰੀਆਂ ਨੂੰ ਭਾਰੀ ਸਬਸਿਡੀ ਦਿੰਦਾ ਹੈ, ਜਿਸ ਦੀ ਬਦੌਲਤ ਉਸ ਦੇ ਸਾਮਾਨ ਕਾਫੀ ਸਸਤੇ ਹੋ ਜਾਂਦੇ ਹਨ ਅਤੇ ਇਸ ਕਾਰਨ ਅਮਰੀਕੀ ਕਾਰੋਬਾਰੀਆਂ ਦਾ ਕੰਮ ਚੌਪਟ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਚੀਨ ਦੀਆਂ ਹਰਕਤਾਂ ਤੋਂ ਤੰਗ ਆ ਕੇ ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਸਟੇਨਲੈਸ ਸਟੀਲ ਦੇ ਫਲੈਂਜ ਅਤੇ ਬਰੀਕ ਡੇਨੀਅਰ ਪਾਲੀਸਟਰ ਸਟੈਪਲ ਫਾਈਬਰ 'ਤੇ ਐਂਟੀ-ਡੰਪਿੰਗ ਡਿਊਟੀ ਲਾ ਦਿੱਤੀ ਸੀ।

ਇਸ ਐਲਾਨ ਤੋਂ ਸਿਰਫ ਦੋ-ਤਿੰਨ ਦਿਨ ਪਹਿਲਾਂ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਚੀਨ 'ਤੇ ਵੱਡਾ ਜੁਰਮਾਨਾ ਲਾਉਣ ਦਾ ਵਿਚਾਰ ਕਰ ਰਹੇ ਹਨ। ਇਹ ਜੁਰਮਾਨਾ ਬੌਧਿਕ ਸੰਪਦਾ ਦੀ ਚੌਰੀ ਲਈ ਲਗਾਇਆ ਜਾਵੇਗਾ। ਦਰਅਸਲ ਚੀਨ ਨੇ ਅਮਰੀਕੀ ਕੰਪਨੀਆਂ 'ਤੇ ਦਬਾਅ ਬਣਾਇਆ ਸੀ ਕਿ ਜੇਕਰ ਉਨ੍ਹਾਂ ਨੂੰ ਇੱਥੇ ਕਾਰੋਬਾਰ ਕਰਨਾ ਹੈ ਤਾਂ ਆਪਣੀ ਖੋਜ ਅਤੇ ਤਕਨੀਕ ਸਾਨੂੰ ਦੇਣੀ ਹੋਵੇਗੀ। ਇਸ ਮਾਮਲੇ 'ਚ ਅਮਰੀਕਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਇਹ ਗੱਲ ਸਾਹਮਣੇ ਆ ਜਾਵੇਗੀ ਕਿ ਚੀਨ 'ਤੇ ਕਿਹੜੀ ਕਾਰਵਾਈ ਕੀਤੀ ਜਾਵੇਗੀ।


Related News