G-20 'ਚ ਮੋਦੀ ਨੂੰ ਮਿਲਣ ਤੋਂ ਪਹਿਲਾਂ ਟਰੰਪ ਦਾ ਟੈਰਿਫ ਨੂੰ ਲੈ ਕੇ ਟਵੀਟ

06/27/2019 11:17:55 AM

ਵਾਸ਼ਿੰਗਟਨ—  ਜਪਾਨ ਦੇ ਓਸਾਕਾ 'ਚ ਸ਼ੁਰੂ ਹੋਣ ਜਾ ਰਹੇ ਜੀ-20 ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਦੇ ਮੁੱਦੇ 'ਤੇ ਭਾਰਤ ਨੂੰ ਪੈਰ ਪਿੱਛੇ ਖਿੱਚਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਾਲ ਹੀ 'ਚ ਜੋ ਟੈਰਿਫ ਡਿਊਟੀ ਵਧਾਈ ਹੈ ਉਸ ਨੂੰ ਵਪਾਸ ਲਵੇ। ਇਹ ਸਾਨੂੰ ਮਨਜ਼ੂਰ ਨਹੀਂ ਹੈ।

 

ਟਰੰਪ ਨੇ ਟਵੀਟ 'ਚ ਕਿਹਾ, ''ਭਾਰਤ ਨੇ ਕਈ ਸਾਲਾਂ ਤੋਂ ਅਮਰੀਕਾ ਖਿਲਾਫ ਉੱਚਾ ਟੈਰਿਫ ਲਗਾ ਰੱਖਿਆ ਹੈ ਤੇ ਹਾਲ ਹੀ 'ਚ ਟੈਰਿਫ ਡਿਊਟੀ ਹੋਰ ਵਧਾਈ ਹੈ। ਮੈਂ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਉਤਾਵਲਾ ਹਾਂ''

ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਸਾਲਾਂ ਤੋਂ ਵਪਾਰ 'ਚ ਦਿੱਤਾ ਤਰਜੀਹੀ ਦਰਜਾ ਖਤਮ ਕਰਨ ਮਗਰੋਂ ਸਰਕਾਰ ਨੇ ਇਸ ਮਹੀਨੇ 28 ਅਮਰੀਕੀ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਈ ਹੈ। ਇਸ 'ਚ ਅਮਰੀਕਾ ਤੋਂ ਆਉਣ ਵਾਲੇ ਬਦਾਮ, ਅਖਰੋਟ, ਸੇਬ ਤੇ ਦਾਲਾਂ ਸ਼ਾਮਲ ਹਨ। ਭਾਰਤ ਦੇ ਜਵਾਬੀ ਕਦਮ ਨਾਲ ਅਮਰੀਕੀ ਵਪਾਰੀ ਅਤੇ ਕਿਸਾਨ ਕਾਫੀ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਨ ਟਰੰਪ ਲਈ ਇਹ ਮੁੱਦਾ ਮਹੱਤਵਪੂਰਨ ਹੈ। ਸਭ ਤੋਂ ਵੱਧ ਪ੍ਰਭਾਵਿਤ ਕੈਲੀਫੋਰਨੀਆ ਦੇ ਬਦਾਮ ਉਦਪਾਦਕ ਹੋ ਰਹੇ ਹਨ। ਬਦਾਮ ਉਤਪਾਦਕ ਚਿੰਤਤ ਹਨ ਕਿਉਂਕਿ ਪਿਛਲੇ ਮਹੀਨੇ ਅਧਿਕਾਰੀਆਂ ਨੇ ਅਗਾਮੀ ਉਤਪਾਦਨ ਸੀਜ਼ਨ 'ਚ ਰਿਕਾਰਡ ਫਸਲ ਹੋਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ, ਜਦੋਂ ਕਿ ਚੀਨ ਤੇ ਭਾਰਤ ਦੋਹਾਂ ਦੇ ਜਵਾਬੀ ਕਦਮ ਨਾਲ ਅਮਰੀਕੀ ਬਦਾਮਾਂ ਦੀ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਭਾਰਤ ਦੌਰੇ 'ਤੇ ਹਨ, ਜਿਨ੍ਹਾਂ ਨਾਲ ਵਪਾਰਕ ਮੁੱਦੇ ਸੁਲਝਣ ਦੀ ਸੰਭਾਵਨਾ ਹੈ।


Related News