ਸ਼ੁੱਕਰਵਾਰ ਤੋਂ ਟਰਾਂਸਪੋਰਟਰਾਂ ਦੀ ਹੜਤਾਲ, ਆਮ ਲੋਕਾਂ ਦੀ ਜੇਬ 'ਤੇ ਵਧੇਗਾ ਭਾਰ

Thursday, Jul 19, 2018 - 02:03 PM (IST)

ਸ਼ੁੱਕਰਵਾਰ ਤੋਂ ਟਰਾਂਸਪੋਰਟਰਾਂ ਦੀ ਹੜਤਾਲ, ਆਮ ਲੋਕਾਂ ਦੀ ਜੇਬ 'ਤੇ ਵਧੇਗਾ ਭਾਰ

ਨਵੀਂ ਦਿੱਲੀ— ਡੀਜ਼ਲ ਕੀਮਤਾਂ ਰੋਜ਼ਾਨਾ ਬਦਲਣ ਖਿਲਾਫ ਅਤੇ ਥਰਡ ਪਾਰਟੀ ਬੀਮਾ 'ਤੇ ਜੀ. ਐੱਸ. ਟੀ. ਛੋਟ ਦੀ ਮੰਗ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਟਰੱਕ ਆਪਰੇਟਰ ਦੇਸ਼ ਭਰ 'ਚ ਹੜਤਾਲ ਕਰਨ ਜਾ ਰਹੇ ਹਨ। ਟਰੱਕ ਆਪਰੇਟਰਾਂ ਦੇ ਸੰਗਠਨ 'ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (AIMTC) ਨੇ 20 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਸੰਗਠਨ 'ਚ ਤਕਰੀਬਨ 93 ਲੱਖ ਟਰੱਕ ਆਪਰੇਟਰ ਸ਼ਾਮਲ ਹਨ। ਸਾਰੇ ਸ਼ਹਿਰਾਂ 'ਚ ਵੱਡੇ ਸਪਲਾਈ ਕੇਂਦਰਾਂ 'ਤੇ ਬੁੱਧਵਾਰ ਤੋਂ ਹੀ ਨਵੀਂ ਲੋਡਿੰਗ ਅਤੇ ਬੁਕਿੰਗ ਬੰਦ ਹੁੰਦੀ ਦਿਸੀ ਅਤੇ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਟਰੱਕਾਂ ਦੇ ਚੱਕੇ ਜਾਮ ਹੋ ਸਕਦੇ ਹਨ।

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਟਰਾਂਸਪੋਰਟਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਵੀਰਵਾਰ ਨੂੰ ਸਹਿਮਤੀ ਬਣ ਸਕਦੀ ਹੈ। ਦੋ ਦਿਨ ਪਹਿਲਾਂ ਹੀ ਟਰੱਕਾਂ ਦੀ ਲੋਡਿੰਗ ਹੱਦ ਵਧਾ ਕੇ ਟਰਾਂਸਪੋਰਟਰਾਂ ਨੂੰ ਲੁਭਾਉਣ ਵਾਲੇ ਰੋਡ ਟਰਾਂਸਪੋਰਟ ਮੰਤਰਾਲੇ ਨੇ ਹੁਣ ਦੋ ਡਰਾਈਵਰ ਜ਼ਰੂਰੀ ਤੌਰ 'ਤੇ ਰੱਖਣ, ਫਿਟਨੈੱਸ ਸਰਟੀਫਿਕੇਟ ਅਤੇ ਓਵਰਲੋਡਿੰਗ 'ਤੇ ਕੁਝ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਟਰਾਂਸਪੋਰਟਰਾਂ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਹੜਤਾਲ ਡੀਜ਼ਲ ਕੀਮਤਾਂ, ਈ-ਵੇਅ ਬਿੱਲ, ਥਰਡ ਪਾਰਟੀ ਪ੍ਰੀਮੀਅਮ ਅਤੇ ਟੀ. ਡੀ. ਐੱਸ ਵਰਗੇ ਵੱਡੇ ਨੀਤੀਗਤ ਬਦਲਾਵਾਂ ਦੀ ਮੰਗ ਨੂੰ ਲੈ ਕੇ ਹੈ। AIMTC ਦੇ ਪ੍ਰਧਾਨ ਐੱਸ. ਕੇ. ਮਿੱਤਲ ਨੇ ਇਕ ਪ੍ਰੈੱਸ ਕਾਨਫਰੰਸ 'ਚ ਐਲਾਨ ਕੀਤਾ ਕਿ ਬੁੱਧਵਾਰ ਤੋਂ ਪੂਰੇ ਦੇਸ਼ 'ਚ ਸਾਰੇ ਟਰੱਕ, ਬੱਸ ਅਤੇ ਟੂਰਿਸਟ ਬੱਸ ਮਾਲਕ ਆਪਣੀਆਂ ਗੱਡੀਆਂ ਸੜਕਾਂ ਤੋਂ ਦੂਰ ਰੱਖਣਗੇ।

ਟਰਾਂਸਪੋਰਟਰਾਂ ਦੀਆਂ ਮੰਗਾਂ :

PunjabKesari
- ਟਰਾਂਸਪੋਰਟਰਾਂ ਦੀ ਇਕ ਮੰਗ ਹੈ ਕਿ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ ਤੇ ਦੇਸ਼ 'ਚ ਡੀਜ਼ਲ ਦੀ ਇਕ ਕੀਮਤ ਹੋਵੇ ਅਤੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ 3 ਮਹੀਨੇ ਬਾਅਦ ਬਦਲੀਆਂ ਜਾਣ।
- ਟੋਲ ਪਲਾਜ਼ਾ ਮੁਫਤ ਕੀਤਾ ਜਾਵੇ ਕਿਉਂਕਿ ਟੋਲ ਪਲਾਜ਼ਾ 'ਤੇ ਈਂਧਣ ਅਤੇ ਸਮੇਂ ਦੀ ਬਰਬਾਦੀ ਕਾਰਨ ਸਾਲਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।
- ਥਰਡ ਪਾਰਟੀ ਬੀਮਾ ਪ੍ਰੀਮੀਅਮ 'ਤੇ ਜੀ. ਐੱਸ. ਟੀ. ਦੀ ਛੋਟ ਮਿਲੇ ਅਤੇ ਏਜੰਟਾਂ ਨੂੰ ਮਿਲਣ ਵਾਲਾ ਵਾਧੂ ਕਮਿਸ਼ਨ ਖਤਮ ਕੀਤਾ ਜਾਵੇ।
- ਈ-ਵੇਅ ਬਿੱਲ ਆਪ੍ਰੇਸ਼ਨ ਆਸਾਨ ਕੀਤੇ ਜਾਣ ਤੇ ਟਰਾਂਸਪੋਰਟਰਾਂ 'ਤੇ ਲੱਗਣ ਵਾਲਾ ਟੀ. ਡੀ. ਐੱਸ. ਹਟਾਇਆ ਜਾਵੇ।
- ਬੱਸਾਂ ਅਤੇ ਟੂਰਿਸਟ ਵਾਹਨਾਂ ਦੇ ਨੈਸ਼ਨਲ ਪਰਮਿਟ ਜਾਰੀ ਕੀਤੇ ਜਾਣ।
- ਡਾਇਰੈਕਟ ਪੋਰਟ ਡਲਿਵਰੀ ਟੈਂਡਰਿੰਗ ਸਿਸਟਮ ਖ਼ਤਮ ਹੋਵੇ।

ਹੜਤਾਲ ਦਾ ਕੀ ਹੋਵੇਗਾ ਅਸਰ :

- ਟਰਾਂਸਪੋਰਟ ਕੰਪਨੀਆਂ ਦੇ ਵੱਡੇ ਟਰੱਕ ਬੰਦ ਹੋਣ ਨਾਲ ਕਿਤੇ ਨਾ ਕਿਤੇ ਸਪਲਾਈ 'ਤੇ ਅਸਰ ਹੋਣਾ ਲਾਜ਼ਮੀ ਹੈ, ਜਿਸ ਕਾਰਨ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ।
- ਦੁੱਧ, ਸਬਜ਼ੀ, ਫਲ, ਆਂਡੇ ਤੇ ਚਿਕਨ ਵਰਗੀਆਂ ਵਸਤਾਂ ਦੀ ਕਿੱਲਤ ਆ ਸਕਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਦਵਾਈਆਂ, ਸਬਜ਼ੀਆਂ, ਦੁੱਧ ਇਸ ਤਰ੍ਹਾਂ ਦਾ ਜ਼ਰੂਰੀ ਸਾਮਾਨ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਇਸ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ ਪਰ ਹੜਤਾਲ ਦਾ ਅਸਰ ਕਾਫੀ ਹੱਦ ਤਕ ਨਜ਼ਰ ਆ ਸਕਦਾ ਹੈ।
- ਟਰੱਕਾਂ ਦਾ ਚੱਕਾ ਜਾਮ ਹੋਣ ਨਾਲ ਵਪਾਰ 'ਤੇ ਅਸਰ ਪਵੇਗਾ ਅਤੇ ਕਾਰੋਬਾਰੀ ਗਤੀਵਿਧੀਆਂ ਠੱਪ ਹੋਣ ਕਾਰਨ ਆਰਥਿਕਤਾ 'ਤੇ ਮਾੜਾ ਅਸਰ ਹੋਵੇਗਾ।


Related News