ਟਰਾਂਸਪੋਰਟਰਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ, ਫਲ-ਸਬਜ਼ੀਆਂ ਸਮੇਤ ਕਈ ਉਦਯੋਗ ਪ੍ਰਭਾਵਿਤ

Thursday, Jul 26, 2018 - 10:37 AM (IST)

ਨਵੀਂ ਦਿੱਲੀ - ਟ੍ਰਾਂਸਪੋਰਟਰਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਹੈ, ਜਿਸ ਨਾਲ ਦੇਸ਼ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ 'ਚ ਫਲ-ਸਬਜ਼ੀਆਂ ਸਮੇਤ ਜ਼ਰੂਰੀ ਚੀਜ਼ਾਂ ਦੀ ਆਮਦ ਪ੍ਰਭਾਵਿਤ ਹੋਣ ਨਾਲ ਉਨ੍ਹਾਂ ਦੇ ਭਾਅ ਚੜ੍ਹੇ ਹਨ। ਹਾਲਾਂਕਿ ਉੱਤਰ ਭਾਰਤ ਖਾਸ ਕਰ ਕੇ ਦਿੱਲੀ ਦੀ ਫਲ ਅਤੇ ਸਬਜ਼ੀ ਮੰਡੀ ਆਜ਼ਾਦਪੁਰ 'ਚ ਆਮਦ ਆਮ ਰਹੀ। ਮੁੰਬਈ ਅਤੇ ਤਾਮਿਲਨਾਡੂ 'ਚ ਮਾਨਸੂਨ ਕਾਰਨ ਵੀ ਸਪਲਾਈ 'ਚ ਰੁਕਾਵਟ ਹੋਈ। ਹੜਤਾਲੀ ਟਰੱਕ ਆਪ੍ਰੇਟਰਾਂ ਦੇ ਨਾਲ ਅਜੇ ਤੱਕ ਮੰਡੀਆਂ 'ਚ ਸਪਲਾਈ ਕਰਨ ਵਾਲੀਆਂ ਗੱਡੀਆਂ ਸ਼ਾਮਲ ਨਹੀਂ ਸਨ ਪਰ ਹੁਣ ਉਹ ਵੀ ਹੜਤਾਲ 'ਚ ਸ਼ਾਮਲ ਹੋ ਗਈਆਂ ਹਨ। ਇਸ ਨਾਲ ਅੱਗੇ ਪ੍ਰੇਸ਼ਾਨੀ ਹੋਰ ਵਧ ਸਕਦੀ ਹੈ। 
ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਦੇ ਮੁਤਾਬਕ ਸਿਰਫ ਤਾਮਿਲਨਾਡੂ 'ਚ 70 ਅਰਬ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਤਿਰੂਪੁਰ ਐਕਸਪੋਰਟਰਸ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਐੱਮ. ਸ਼ਨਮੁਗਮ ਨੇ ਕਿਹਾ ਕਿ ਤਿਰੂਪੁਰ, ਕਰੂਰ ਅਤੇ ਈਰੋਡ ਵਰਗੇ ਮੁੱਖ ਟੈਕਸਟਾਈਲ ਉਤਪਾਦਕ ਖੇਤਰਾਂ 'ਚ ਤਿਆਰ ਮਾਲ ਦਾ ਸਟਾਕ ਵਧ ਗਿਆ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਹੜਤਾਲ ਦੇ ਸ਼ੁਰੂਆਤੀ ਦੋ ਦਿਨ ਸਪਲਾਈ 'ਚ ਕੁਝ ਰੁਕਾਵਟ ਹੋਣ ਨਾਲ ਆਲੂ/ਪਿਆਜ਼ ਦੇ ਭਾਅ ਇਕ ਤੋਂ ਡੇਢ ਰੁਪਏ ਵਧੇ ਸਨ ਪਰ ਅੱਜ ਤੋਂ ਹਾਲਾਤ ਆਮ ਹੋ ਗਏ ਹਨ। 

ਮੁੰਬਈ 'ਚ ਸਬਜ਼ੀਆਂ ਦੇ ਥੋਕ ਭਾਅ ਵਧੇ
ਮੁੰਬਈ ਦੇ ਨੇੜੇ ਵਾਸ਼ੀ ਮੰਡੀ 'ਚ ਸਬਜ਼ੀਆਂ ਦੇ ਥੋਕ ਭਾਅ 50-60 ਫੀਸਦੀ ਵਧ ਚੁੱਕੇ ਹਨ ਅਤੇ ਪ੍ਰਚੂਨ ਕਾਰੋਬਾਰੀ ਇਨ੍ਹਾਂ ਨੂੰ ਦੁੱਗਣੀ ਕੀਮਤ 'ਤੇ ਵੇਚ ਰਹੇ ਹਨ। ਮੁੰਬਈ 'ਚ ਭਿੰਡੀ 100 ਤੋਂ 120 ਰੁਪਏ ਤੇ ਫੁੱਲ ਗੋਭੀ 120-140 ਰੁਪਏ ਕਿਲੋ ਵਿਕ ਰਹੀ ਹੈ। ਦੂਜੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ 20 ਜੁਲਾਈ ਤੋਂ 100 ਫੀਸਦੀ ਤੱਕ ਦੀ ਤੇਜ਼ੀ ਆਈ ਹੈ।  
ਆਲੂ ਜਲਦੀ ਵਿਕੇਗਾ ਕੌਡੀਆਂ ਦੇ ਭਾਅ! 
ਆਲੂ ਇਸ ਸਮੇਂ ਕਾਫੀ ਮਹਿੰਗਾ ਹੋ ਰਿਹਾ ਹੈ। ਹਾਲਾਂਕਿ ਇਹ ਮਹਿੰਗਾਈ ਟਰੱਕਾਂ ਦੀ ਹੜਤਾਲ ਕਾਰਨ ਨਹੀਂ ਹੈ ਅਤੇ ਜਲਦ ਦੀ ਇਸ ਦੀਆਂ ਕੀਮਤਾਂ 'ਚ ਗਿਰਾਵਟ ਸ਼ੁਰੂ ਹੋ ਸਕਦੀ ਹੈ। ਦਰਅਸਲ ਉੱਤਰ ਪ੍ਰਦੇਸ਼ (ਯੂ. ਪੀ.) ਦੇ ਗੋਦਾਮਾਂ 'ਚ ਹੁਣ ਤੱਕ ਮੁਸ਼ਕਲ ਨਾਲ 25 ਫੀਸਦੀ ਆਲੂ ਦੀ ਨਿਕਾਸੀ ਹੋ ਸਕੀ ਹੈ। ਯੂ. ਪੀ. ਦੇ ਗੋਦਾਮਾਂ 'ਚ ਕਰੀਬ 75 ਫੀਸਦੀ ਸਟਾਕ ਮੌਜੂਦ ਹੈ। ਗੋਦਾਮਾਂ ਤੋਂ ਨਿਕਾਸੀ ਦੀ ਰਫਤਾਰ ਬੇਹੱਦ ਹੌਲੀ ਹੈ। ਮੁੰਬਈ 'ਚ ਯੂ. ਪੀ. ਦੇ ਆਲੂ ਦੀ ਮੰਗ ਘੱਟ ਹੈ। ਇਥੇ ਗੁਜਰਾਤ ਤੋਂ ਸਪਲਾਈ ਵਧੀ ਹੈ। ਯੂ. ਪੀ. ਦੀ ਆਲੂ ਮਾਰਕੀਟ 'ਤੇ ਗੁਜਰਾਤ ਅਤੇ ਮੱਧ ਪ੍ਰਦੇਸ਼ (ਐੱਮ.ਪੀ.) ਦਾ ਕਬਜ਼ਾ ਹੈ। ਅਕਤੂਬਰ ਤੋਂ ਯੂ. ਪੀ. ਤੋਂ ਹੋਣ ਵਾਲੀ ਸਪਲਾਈ ਵਧੇਗੀ। ਯੂ. ਪੀ. ਤੋਂ ਸਪਲਾਈ ਵਧਣ ਤੋਂ ਬਾਅਦ ਆਲੂ ਦੇ ਭਾਅ ਡਿੱਗਣਗੇ।
ਮੁੱਖ ਉਤਪਾਦਕ ਖੇਤਰਾਂ 'ਚ ਹਫਤਾਭਰ ਲਗਾਤਾਰ ਬਾਰਿਸ਼ ਨਾਲ ਸਬਜ਼ੀਆਂ ਦੀ ਤੁੜਾਈ 'ਚ ਦੇਰੀ ਨਾਲ ਸਪਲਾਈ 'ਚ ਰੁਕਾਵਟ ਹੋਈ ਅਤੇ ਹੁਣ ਹੜਤਾਲ ਨਾਲ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਸਬਜ਼ੀਆਂ ਦੀ ਤਰ੍ਹਾਂ ਫਲਾਂ ਦੇ ਭਾਅ ਵੀ 4 ਦਿਨਾਂ 'ਚ 50 ਫੀਸਦੀ ਤੱਕ ਵਧ ਚੁੱਕੇ ਹਨ। -ਸੰਜੇ ਭੁਜਬਲ, ਥੋਕ ਕਾਰੋਬਾਰੀ ਵਾਸ਼ੀ ਏ. ਪੀ. ਐੱਮ. ਸੀ. 
ਮੰਡੀ 'ਚ ਮੰਗਲਵਾਰ ਨੂੰ 68 ਟਰੱਕ ਪਿਆਜ਼ ਦੀ ਆਮਦ ਹੋਈ ਜੋ ਆਮ ਹੈ। ਭਾਅ ਵੀ 10 ਤੋਂ 16 ਰੁਪਏ ਕਿਲੋ ਰਹੇ। ਇਸੇ ਤਰ੍ਹਾਂ 121 ਟਰੱਕ ਆਲੂ ਦੀ ਆਮਦ ਹੋਈ। ਆਲੂ-ਪਿਆਜ਼ ਦੀ ਆਮਦ 'ਤੇ ਮਾਮੂਲੀ ਅਸਰ ਹੋਇਆ ਪਰ ਭਾਅ ਆਮ ਰਹੇ।
-ਰਾਜਿੰਦਰ ਸ਼ਰਮਾ, ਸਾਬਕਾ ਪ੍ਰਧਾਨ, ਏ. ਪੀ. ਐੱਮ. ਸੀ. ਆਜ਼ਾਦਪੁਰ
ਹਰ ਦਿਨ ਟ੍ਰਾਂਸਪੋਰਟਰਾਂ ਨੂੰ 4000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਹੁਣ ਤੱਕ ਜ਼ਰੂਰੀ ਵਸਤੂਆਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਸਬਜ਼ੀ ਮੰਡੀਆਂ ਨੂੰ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਛੋਟ ਦਿੱਤੀ ਗਈ ਸੀ ਪਰ ਸਰਕਾਰ ਦੀ ਬੇਰੁਖੀ ਕਾਰਨ ਇਹ ਟਰੱਕ ਚਾਲਕ ਵੀ ਹੜਤਾਲ 'ਚ ਖੁਦ ਹੀ ਸ਼ਾਮਲ ਹੋ ਰਹੇ ਹਨ। ਇਸ ਦਾ ਅਸਰ ਅਗਲੇ ਇਕ ਦੋ ਦਿਨ 'ਚ ਦਿਸੇਗਾ।
-ਮਲਕੀਤ ਸਿੰਘ, ਚੇਅਰਮੈਨ ਕੋਰ ਕਮੇਟੀ ਏ. ਆਈ. ਐੱਮ. ਟੀ. ਸੀ.


Related News