ਟ੍ਰੇਨ ਦੀ ਈ-ਟਿਕਟ ''ਤੇ 1 ਰੁਪਏ ''ਚ ਹੋਵੇਗਾ 10 ਲੱਖ ਦਾ ਯਾਤਰਾ ਬੀਮਾ
Monday, Aug 20, 2018 - 04:05 PM (IST)

ਨਵੀਂ ਦਿੱਲੀ — ਟ੍ਰੇਨ 'ਚ ਈ-ਟਿਕਟ ਰਿਜ਼ਰਵੇਸ਼ਨ 'ਤੇ 10 ਲੱਖ ਰੁਪਏ ਦਾ ਟ੍ਰੈਵਲ ਬੀਮਾ ਹੁਣ ਮੁਫਤ 'ਚ ਨਹੀਂ ਸਗੋਂ 1 ਰੁਪਏ 'ਚ ਮਿਲੇਗਾ। IRCTC ਨੇ 8 ਮਹੀਨੇ ਪਹਿਲਾਂ ਕੈਸ਼ਲੈੱਸ ਸਕੀਮ ਦੇ ਪ੍ਰਚਾਰ ਲਈ 10 ਲੱਖ ਰੁਪਏ ਦੀ ਯਾਤਰਾ ਬੀਮਾ ਸਕੀਮ ਲਾਂਚ ਕੀਤੀ ਸੀ।
ਯਾਤਰੀ ਨੇ ਮਰਜ਼ੀ ਨਾਲ ਚੁਣਨਾ ਹੋਵੇਗਾ ਬੀਮਾ ਦਾ ਵਿਕਲਪ
ਇਕ ਸਤੰਬਰ ਤੋਂ ਯਾਤਰੀਆਂ ਨੂੰ ਬੀਮਾ ਦਾ ਵਿਕਲਪ ਖੁਦ ਚੁਣਨਾ ਹੋਵੇਗਾ। ਜੇਕਰ ਯਾਤਰੀ ਵਿਕਲਪ ਨਹੀਂ ਚੁਣਦਾ ਅਤੇ ਕਿਸੇ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦਾ ਆਰਥਿਕ ਲਾਭ ਨਹੀਂ ਮਿਲੇਗਾ। ਰੇਲਵੇ ਦੇ ਅੰਕੜਿਆਂ ਅਨੁਸਾਰ 65 ਫੀਸਦੀ ਰਿਜ਼ਰਵੇਸ਼ਨ ਆਨ ਲਾਈਨ ਹੁੰਦੀ ਹੈ।
ਦਸੰਬਰ 2017 ਨੂੰ ਦਿੱਤਾ ਸੀ ਮੁਫਤ ਬੀਮਾ ਦਾ ਤੋਹਫਾ
ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ(ਆਈ.ਆਰ.ਸੀ.ਟੀ.ਸੀ.) ਵਲੋਂ ਦਸੰਬਰ 2017 ਤੋਂ ਯਾਤਰੀਆਂ ਨੂੰ ਮੁਫਤ ਬੀਮਾ ਦਾ ਤੋਹਫਾ ਦੇਣਾ ਸ਼ੁਰੂ ਕੀਤਾ ਸੀ। ਇਹ ਫੈਸਲਾ ਡਿਜੀਟਲ ਟਰਾਂਸਜੈਕਸ਼ਨ ਨੂੰ ਪ੍ਰਮੋਟ ਕਰਨ ਲਈ ਕੀਤਾ ਗਿਆ ਸੀ। ਇੰਨਾ ਹੀ ਨਹੀਂ IRCTC ਨੇ ਡੈਬਿਟ ਕਾਰਡ ਤੋਂ ਟਿਕਟ ਬੁਕਿੰਗ 'ਤੇ ਲੱਗਣ ਵਾਲੇ ਚਾਰਜ ਵੀ ਖਤਮ ਕਰ ਦਿੱਤੇ ਸਨ।
ਯਾਤਰੀ ਈ-ਰਿਜ਼ਰਵੇਸ਼ਨ ਕਰਵਾਉਂਦੇ ਸਮੇਂ ਈ-ਮੇਲ ਜ਼ਰੂਰ ਭਰਣ
ਬੀਮਾ ਪਾਲਸੀ ਦੀ ਰਸੀਦ ਹਾਸਲ ਕਰਨ ਲਈ ਯਾਤਰੀਆਂ ਨੂੰ ਆਪਣੀ ਈ-ਮੇਲ ਆਈ.ਡੀ. ਭਰਨੀ ਜ਼ਰੂਰੀ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਉਸ 'ਤੇ ਬੀਮਾ ਕੰਪਨੀ ਵਲੋਂ ਲਿਖਤ ਮੈਸੇਜ ਆਵੇਗਾ। ਸਟੇਸ਼ਨ ਤੋਂ ਚੜ੍ਹਣ ਤੋਂ ਲੈ ਕੇ ਆਖਰੀ ਸਟੇਸ਼ਨ ਤੱਕ ਲਈ ਇਹ ਬੀਮਾ ਲਾਗੂ ਹੋਵੇਗਾ। ਕਲੇਮ ਕੰਪਨੀ ਵਲੋਂ 15 ਦਿਨ ਦੇ ਅੰਦਰ ਯਾਤਰੀ ਦੇ ਕਾਨੂੰਨੀ ਵਾਰਸ ਨੂੰ ਚੈੱਕ ਦੇ ਜ਼ਰੀਏ ਭੇਜਿਆ ਜਾਵੇਗਾ। ਟ੍ਰੈਵਲ ਬੀਮਾ ਲੈਣ ਲਈ ਯਾਤਰੀ ਨੂੰ ਈ-ਟਿਕਟ ਕਾਲਮ 'ਤੇ ਇਕ ਰੁਪਿਆ ਲਈ ਟਿਕ ਕਰਨਾ ਹੋਵੇਗਾ।
5 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਵੀ ਹੋਵੇਗਾ ਬੀਮਾ
ਯਾਤਰੀਆਂ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਵੀ ਆਪਣੀ ਮਰਜ਼ੀ ਨਾਲ ਬੀਮਾ ਕਰਵਾਇਆ ਜਾ ਸਕੇਗਾ। ਇਸ ਲਈ ਬੱਚਿਆਂ ਦੀ ਜਾਣਕਾਰੀ ਵੀ ਰੇਲਵੇ ਨੂੰ ਦੇਣੀ ਹੋਵੇਗੀ।
ਹਰੇਕ ਕਲਾਸ ਦੀ ਸੁਵਿਧਾ 'ਚ ਵਧ ਤੋਂ ਵਧ 10 ਲੱਖ ਦਾ ਕਲੇਮ
IRCTC ਵਲੋਂ ਦਿੱਤਾ ਜਾਣ ਵਾਲੇ ਬੀਮੇ ਦੀ ਸੁਵਿਧਾ ਹਰੇਕ ਕਲਾਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਮਿਲਦੀ ਸੀ। ਇਸਦੇ ਤਹਿਤ ਵਧ ਤੋਂ ਵਧ 10 ਲੱਖ ਦਾ ਬੀਮਾ ਕਲੇਮ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਅਪਾਹਜਤਾ ਹੋਣ 'ਤੇ 7.5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦਾ ਕਲੇਮ ਨਿਰਧਾਰਤ ਕੀਤਾ ਗਿਆ ਸੀ।