SPAM Call 'ਤੇ ਲਗਾਮ ਲਗਾਉਣ ਲਈ TRAI ਸਖ਼ਤ, ਟੈਲੀਕਾਮ ਕੰਪਨੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼
Tuesday, Jun 25, 2024 - 06:07 PM (IST)
ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰ ਟਰਾਈ ਨੇ ਅਣਚਾਹੀਆਂ ਕਾਲਾਂ 'ਤੇ ਰੋਕ ਲਗਾਉਣ ਲਈ ਟੈਲੀਕਾਮ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਮੋਬਾਈਲ ਐਪ ਅਤੇ ਵੈਬ ਪੋਰਟਲ ਨੂੰ ਸਪੈਮ ਸਬੰਧੀ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਸਮੱਸਿਆਵਾਂ ਦੇ ਹੱਲ ਲਈ ਵਧੇਰੇ ਉਪਭੋਗਤਾ-ਅਨੁਕੂਲ ਬਣਾਉਣ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਇਹ ਵੀ ਕਿਹਾ ਕਿ ਸਾਰੇ ਸੇਵਾ ਪ੍ਰਦਾਤਾਵਾਂ ਨੂੰ ਪਿਛਲੀ ਤਿਮਾਹੀ ਦੀ ਬਜਾਏ ਮਾਸਿਕ ਆਧਾਰ 'ਤੇ ਪ੍ਰਦਰਸ਼ਨ ਨਿਗਰਾਨੀ ਰਿਪੋਰਟ ਜਮ੍ਹਾਂ ਕਰਾਉਣੀ ਪਵੇਗੀ।
ਰੈਗੂਲੇਟਰ ਨੇ ਇੱਕ ਰੀਲੀਜ਼ ਵਿੱਚ ਕਿਹਾ, "ਅਣਸੋਲੀਸਾਈਟਿਡ ਕਮਰਸ਼ੀਅਲ ਕਮਿਊਨੀਕੇਸ਼ਨਜ਼ (ਯੂਸੀਸੀ) ਯਾਨੀ ਸਪੈਮ ਨੂੰ ਘਟਾਉਣ ਦੇ ਲਗਾਤਾਰ ਯਤਨ ਵਿੱਚ, ਟਰਾਈ ਨੇ ਸਪੈਮ ਕਾਲ ਨਾਲ ਸਬੰਧਤ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਨੂੰ ਸਮਰੱਥ ਬਣਾਉਣ ਲਈ ਸੇਵਾ ਪ੍ਰਦਾਤਾਵਾਂ ਨੂੰ ਆਪਣੇ ਮੋਬਾਈਲ ਐਪਸ ਅਤੇ ਵੈਬ ਪੋਰਟਲ ਵਿੱਚ ਸੁਧਾਰ ਕਰਨ ਲਈ ਕਿਹਾ ਹੈ।" ਉਹਨਾਂ ਨੂੰ ਕਿਹਾ ਕਿ ਕੰਪਨੀਆਂ ਐਪ ਵਧੇਰੇ ਉਪਭੋਗਤਾ-ਅਨੁਕੂਲ ਬਣਾਉਣ।" ਟਰਾਈ ਨੇ ਸੇਵਾ ਪ੍ਰਦਾਤਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਪੈਮ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਤਰਜੀਹ ਪ੍ਰਬੰਧਨ ਦੇ ਵਿਕਲਪ ਉਨ੍ਹਾਂ ਦੇ ਮੋਬਾਈਲ ਐਪਸ ਅਤੇ ਵੈੱਬਸਾਈਟਾਂ 'ਤੇ ਆਸਾਨੀ ਨਾਲ ਉਪਲਬਧ ਹੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਜੇਕਰ ਉਪਭੋਗਤਾ ਆਪਣੇ ਕਾਲ ਵੇਰਵਿਆਂ ਅਤੇ ਹੋਰ ਸੰਬੰਧਿਤ ਡੇਟਾ ਤੱਕ ਪਹੁੰਚ ਦੀ ਇਜਾਜ਼ਤ ਦਿੰਦੇ ਹਨ ਤਾਂ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੇ ਵੇਰਵੇ ਆਪਣੇ ਆਪ ਕੈਪਚਰ ਹੋ ਜਾਣੇ ਚਾਹੀਦੇ ਹਨ। ਰੀਲੀਜ਼ ਅਨੁਸਾਰ, TRAI ਨੇ ਸਪੈਮ ਕਾਲਾਂ ਲਈ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪ੍ਰਦਰਸ਼ਨ ਨਿਗਰਾਨੀ ਰਿਪੋਰਟਾਂ (PMRs) ਦੇ ਫਾਰਮੈਟਾਂ ਵਿੱਚ ਸੋਧਾਂ ਨੂੰ ਵੀ ਲਾਗੂ ਕੀਤਾ ਹੈ। ਵਧੇਰੇ ਵਿਸਤ੍ਰਿਤ ਨਿਗਰਾਨੀ ਲਈ, ਸਾਰੇ ਪ੍ਰਦਾਤਾਵਾਂ ਨੂੰ ਹੁਣ ਮਾਸਿਕ ਆਧਾਰ 'ਤੇ ਪ੍ਰਦਰਸ਼ਨ ਨਿਗਰਾਨੀ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ, ਜਦੋਂ ਕਿ ਪਹਿਲਾਂ ਉਨ੍ਹਾਂ ਨੂੰ ਤਿਮਾਹੀ ਰਿਪੋਰਟਾਂ ਜਮ੍ਹਾਂ ਕਰਾਉਣੀਆਂ ਪੈਂਦੀਆਂ ਸਨ।