TRAI ਦਾ ਝਟਕਾ, ਹੁਣ 2021 ਤਕ ਮੁਫਤ ਨਹੀਂ ਹੋਵੇਗੀ ਹੋਰ ਨੈੱਟਵਰਕ ''ਤੇ ਕਾਲ

12/18/2019 3:24:58 PM

ਨਵੀਂ ਦਿੱਲੀ— ਟਰਾਈ ਨੇ 'ਇੰਟਰਕੁਨੈਕਟ ਯੂਜ਼ਜ਼ ਚਾਰਜ (ਆਈ. ਯੂ. ਸੀ.)' ਨੂੰ ਲੈ ਕੇ ਵੱਡਾ ਝਟਕਾ ਦਿੱਤਾ ਹੈ। ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ 'ਆਈ. ਯੂ. ਸੀ.' ਜ਼ੀਰੋ ਕਰਨ ਦਾ ਫੈਸਲਾ 1 ਜਨਵਰੀ 2021 ਤਕ ਲਈ ਟਾਲ ਦਿੱਤਾ ਹੈ ਤੇ ਨਾਲ ਹੀ ਓਪਰੇਟਰਾਂ ਕੋਲੋਂ ਇਹ ਸੁਝਾਅ ਵੀ ਮੰਗੇ ਹਨ ਕਿ ਕੀ ਵਾਇਸ ਅਤੇ ਡਾਟਾ ਟੈਰਿਫ 'ਤੇ ਸੀਲਿੰਗ ਲਾਗੂ ਕਰਨੀ ਚਾਹੀਦੀ ਹੈ? ਭਾਵੇਂ ਹੀ ਇਸ ਪ੍ਰਸਤਾਵ ਨੂੰ ਗਾਹਕ ਵਿਰੋਧੀ ਕਿਹਾ ਜਾਵੇ।

 

 

ਹੁਣ ਜਨਵਰੀ 2021 ਤਕ ਦੂਜੇ ਨੈੱਟਵਰਕ 'ਤੇ ਕਾਲ ਮੁਫਤ ਹੋਣ ਦੀ ਉਮੀਦ ਨਹੀਂ ਹੈ। 'ਇੰਟਰਕੁਨੈਕਟ ਯੂਜ਼ਜ਼ ਚਾਰਜ' ਉਹ ਚਾਰਜ ਹੈ ਜੋ ਇਕ ਨੈੱਟਵਰਕ ਤੋਂ ਦੂਜੇ ਕਿਸੇ ਹੋਰ ਕੰਪਨੀ ਦੇ ਨੈੱਟਵਰਕ 'ਤੇ ਕੀਤੀ ਗਈ ਕਾਲ 'ਤੇ ਲੱਗਦਾ ਹੈ। ਇੰਟਰਕੁਨੈਕਟ ਯੂਜ਼ਜ਼ ਚਾਰਜ 6 ਪੈਸੇ ਪ੍ਰਤੀ ਮਿੰਟ ਹੈ।

ਟਰਾਈ ਦੇ ਇਸ ਫੈਸਲੇ ਨਾਲ ਰਿਲਾਇੰਸ ਜਿਓ ਦੇ ਗਾਹਕਾਂ ਨੂੰ 2021 ਤਕ ਅਨਲਿਮਟਿਡ ਫ੍ਰੀ ਕਾਲਿੰਗ ਨਹੀਂ ਮਿਲੇਗੀ ਕਿਉਂਕਿ ਜਿਓ ਨੇ ਹਾਲ ਹੀ 'ਚ ਕਿਹਾ ਸੀ ਕਿ ਜਦੋਂ ਤਕ ਟਰਾਈ ਇੰਟਰਕੁਨੈਕਟ ਯੂਜ਼ਜ਼ ਚਾਰਜ ਸਮਾਪਤ ਨਹੀਂ ਕਰ ਦਿੰਦਾ ਉਦੋਂ ਤਕ ਉਸ ਨੂੰ ਇਹ ਚਾਰਜ ਵਸੂਲਣਾ ਪਵੇਗਾ। ਹਾਲਾਂਕਿ, ਜਿਓ ਦੇ ਪਲਾਨ ਹੋਰਾਂ ਨਾਲੋਂ ਕਾਫੀ ਸਸਤੇ ਹਨ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਜ਼ੀਰੋ ਆਈ. ਯੂ. ਸੀ. ਨੂੰ ਟਾਲਣ ਨਾਲ ਵੋਡਾਫੋਨ ਆਈਡੀਆ ਤੇ ਭਾਰਤੀ ਏਅਰਟੈੱਲ ਨੂੰ ਕੁਝ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਜਿਓ ਨੇ ਜ਼ੀਰੋ ਇੰਟਰਕੁਨੈਕਟ ਯੂਜ਼ਜ਼ ਚਾਰਜ ਨੂੰ ਲਾਗੂ ਕਰਨ ਦੀ ਪਹਿਲਾਂ ਤੋਂ ਨਿਰਧਾਰਤ ਤਰੀਕ 1 ਜਨਵਰੀ 2020 ਨੂੰ ਹੋਰ ਅੱਗੇ ਤਕ ਟਾਲਣ ਦਾ ਸਖਤ ਵਿਰੋਧ ਕੀਤਾ ਸੀ ਪਰ ਟਰਾਈ ਨੇ ਹੁਣ ਇਸ ਨੂੰ ਇਕ ਸਾਲ ਤਕ ਲਈ ਟਾਲ ਦਿੱਤਾ ਹੈ।


Related News