ਦਿਨ 'ਚ 100 ਤੋਂ ਵੀ ਘੱਟ ਕਾਰਾਂ ਬਣਾ ਰਹੀ ਟੋਇਟਾ ਕਿਰਲੋਸਕਰ, ਜਾਣੋ ਵਜ੍ਹਾ
Thursday, Nov 26, 2020 - 07:23 PM (IST)
ਬੇਂਗਲੁਰੂ— ਟੋਇਟਾ ਕਿਰਲੋਸਕਰ ਦੇ ਪਲਾਂਟ 'ਚ ਵਰਕਰਾਂ ਤੇ ਪ੍ਰਬੰਧਕਾਂ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਕੰਪਨੀ ਨੂੰ ਖ਼ਾਸਾ ਨੁਕਸਾਨ ਹੋ ਰਿਹਾ ਹੈ।
ਟੋਇਟਾ ਕਿਰਲੋਸਕਰ ਦੇ ਡਿਪਟੀ ਪ੍ਰਬੰਧਕ ਨਿਰਦੇਸ਼ਕ ਰਾਜੂ ਕੇਤਕਲੇ ਨੇ ਕਿਹਾ ਕਿ ਕੰਪਨੀ ਦਿਨ 'ਚ 100 ਤੋਂ ਵੀ ਘੱਟ ਕਾਰਾਂ ਬਣਾ ਰਹੀ ਹੈ, ਜੋ ਪਹਿਲਾਂ ਲਗਭਗ 450 ਕਾਰਾਂ ਬਣਾ ਰਹੀ ਸੀ।
ਟੋਇਟਾ ਦੇ ਕਰਨਾਟਕ ਦੇ ਬਿਦਾੜੀ ਪਲਾਂਟ 'ਚ ਇਕ ਦਿਨ 'ਚ ਇਨੋਵਾ, ਫਾਰਚੂਨਰ ਅਤੇ ਕੈਮਰੀ ਹਾਈਬ੍ਰਿਡ ਕਾਰਾਂ ਦੇ 1,000 ਯੂਨਿਟ ਬਣਾਉਣ ਦੀ ਸਮਰੱਥਾ ਹੈ ਅਤੇ ਲਗਭਗ 6,500 ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਂਦਾ ਹੈ। ਹਾਲਾਂਕਿ, ਮਹਾਮਾਰੀ ਕਾਰਨ ਉਤਪਾਦਨ ਨੂੰ ਘਟਾ ਦਿੱਤਾ ਗਿਆ ਸੀ ਪਰ ਪਲਾਂਟ 'ਚ ਵਰਕਰਾਂ ਦੀ ਹੜਤਾਲ ਨੇ ਇਸ ਨੂੰ ਹੋਰ ਬਦਤਰ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ- EMI ਹੋਰ ਘੱਟ ਹੋਣ ਦੀ ਸੰਭਾਵਨਾ ਨਹੀਂ, RBI ਲੈ ਸਕਦਾ ਹੈ ਇਹ ਫ਼ੈਸਲਾ
ਟੋਇਟਾ ਕਿਰਲੋਸਕਰ ਦੇ ਡਿਪਟੀ ਪ੍ਰਬੰਧਕ ਨਿਰਦੇਸ਼ਕ ਨੇ ਕਿਹਾ, ''ਸਾਨੂੰ ਨੁਕਸਾਨ ਹੋ ਰਿਹਾ ਹੈ। ਦੂਜੇ ਪਲਾਂਟ 'ਚ ਉਤਪਾਦਨ ਪੂਰੀ ਤਰ੍ਹਾਂ ਬੰਦ ਹੈ, ਜਦੋਂ ਕਿ ਪਹਿਲੇ 'ਚ ਇਕ ਸ਼ਿਫਟ 'ਚ ਸੁਪਰਵਾਈਜ਼ਰਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਬਹੁਤੇ ਕਰਮਚਾਰੀ ਕੰਮ 'ਤੇ ਨਹੀਂ ਆ ਰਹੇ।'' ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਨਾਲ ਗਾਹਕਾਂ ਅਤੇ ਡੀਲਰਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜਤਾਲ ਦੇ ਸਮਰਥਨ 'ਚ ਨਹੀਂ ਹੈ ਅਤੇ ਅਸੀਂ ਬਣਦੀ ਕਾਰਵਾਈ ਕਰਨ ਲਈ ਬੇਨਤੀ ਕਰ ਰਹੇ ਹਾਂ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ
ਇਕ ਕਰਮਚਾਰੀ ਨੂੰ ਕੱਢੇ ਜਾਣ ਦੇ ਵਿਰੋਧ 'ਚ ਕਾਰਖ਼ਾਨੇ 'ਚ ਸ਼ੁਰੂ ਹੋਈ ਹੜਤਾਲ ਦੀ ਵਜ੍ਹਾ ਨਾਲ ਟੋਇਟਾ ਨੂੰ ਇਸ ਮਹੀਨੇ 'ਚ ਦੂਜੀ ਵਾਰ 23 ਨਵੰਬਰ ਤੋਂ ਬਿਦਾੜੀ ਪਲਾਂਟ 'ਚ ਤਾਲਾਬੰਦੀ ਕਰਨੀ ਪਈ ਹੈ। ਮੁਅੱਤਲ ਕੀਤੇ ਗਏ 40 ਕਾਮਿਆਂ ਨੂੰ ਮੁੜ ਤੋਂ ਬਹਾਲ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਟੋਇਟਾ ਕਿਰਲੋਸਕਰ ਕਰਮਚਾਰੀ ਯੂਨੀਅਨ ਦੇ ਸੰਯੁਕਤ ਸਕੱਤਰ ਗੰਗਾਧਰ ਜੋ ਖ਼ੁਦ ਵੀ ਮੁਅੱਤਲ ਹਨ, ਨੇ ਕਿਹਾ ਕਿ ਪ੍ਰਬੰਧਨ ਉਨ੍ਹਾਂ ‘ਤੇ ਕੰਮ ਦਾ ਵਧੇਰੇ ਵਾਧੂ ਭਾਰ ਪਾ ਰਿਹਾ ਹੈ, ਜਿਸ ਨੂੰ ਲੈ ਕੇ ਕਰਮਚਾਰੀ ਚਿੰਤਤ ਹਨ।