ਟਮਾਟਰ ਹੋਵੇਗਾ ਸਸਤਾ, ਪਿਆਜ ਦਾ ਵੱਧ ਸਕਦੈ ਮੁੱਲ
Sunday, Aug 20, 2017 - 11:46 AM (IST)

ਨਵੀਂ ਦਿੱਲੀ— ਦੇਸ਼ 'ਚ ਟਮਾਟਰ ਅਤੇ ਪਿਆਜ ਦੇ ਥੋਕ ਮੁੱਲ ਕੁਝ ਘੱਟ ਹੋ ਕੇ ਸਥਿਰ ਬਣੇ ਹੋਏ ਹਨ ਪਰ ਪਰਚੂਨ 'ਚ ਇਨ੍ਹਾਂ ਦੇ ਮੁੱਲ ਅਜੇ ਵੀ ਚੜ੍ਹੇ ਹੋਏ ਹਨ। ਆਉਣ ਵਾਲੇ ਦਿਨਾਂ 'ਚ ਟਮਾਟਰ ਦੇ ਮੁੱਲ ਘੱਟ ਹੋ ਸਕਦੇ ਹਨ ਪਰ ਪਿਆਜ ਦੀਆਂ ਕੀਮਤਾਂ 'ਚ ਕੁਝ ਤੇਜ਼ੀ ਦੇਖੀ ਜਾ ਸਕਦੀ ਹੈ। ਸਬਜ਼ੀ ਅਤੇ ਫਲਾਂ ਦੇ ਥੋਕ ਬਾਜ਼ਾਰ ਆਜ਼ਾਦਪੁਰ ਸਬਜ਼ੀ ਮੰਡੀ (ਦਿੱਲੀ) 'ਚ ਅੱਜ ਕੱਲ ਟਮਾਟਰ ਅਤੇ ਪਿਆਜ ਨੂੰ ਲੈ ਕੇ ਤੇਜ਼ੀ ਨਜ਼ਰ ਨਹੀਂ ਆ ਰਹੀ ਹੈ। ਪਿਛਲੇ ਦਿਨੀਂ ਇਨ੍ਹਾਂ ਦੀਆਂ ਕੀਮਤਾਂ 'ਚ ਕੁਝ ਕਮੀ ਆਈ ਸੀ ਅਤੇ ਹੁਣ ਇਨ੍ਹਾਂ ਦੋਹਾਂ ਦੀਆਂ ਕੀਮਤਾਂ ਸਥਿਰ ਹਨ। ਆਜ਼ਾਦਪੁਰ ਮੰਡੀ ਦੇ ਸਾਬਕਾ ਮੁਖੀ ਅਤੇ ਪਿਆਜ ਕਾਰੋਬਾਰੀ ਮੁਤਾਬਕ ਮੰਡੀ 'ਚ ਪਿਆਜ ਦੇ ਮੁੱਲ 15 ਤੋਂ 20 ਅਤੇ ਬਹੁਤ ਮੋਟੇ ਪਿਆਜ ਦੇ ਮੁੱਲ 25 ਰੁਪਏ ਤਕ ਹਨ। ਸਿਰਕੇ ਵਾਲੇ ਪਿਆਜ ਦੇ ਮੁੱਲ ਤਾਂ ਘੱਟ ਕੇ 12 ਰੁਪਏ ਕਿਲੋ ਤਕ ਆ ਗਏ ਹਨ। ਮੰਡੀ 'ਚ ਅੱਜ ਵੀ ਪਿਆਜ ਦੇ 210 ਟਰੱਕ ਆਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਪਿਆਜ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਨਹੀਂ ਹੈ ਪਰ ਮੀਂਹ ਅਤੇ ਹੜ੍ਹ ਦਾ ਦੌਰ ਰਿਹਾ ਤਾਂ ਇਨ੍ਹਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਮੰਡੀ 'ਚ ਟਮਾਟਰ ਦੀਆਂ ਕੀਮਤਾਂ ਵੀ 30 ਤੋਂ 40 ਰੁਪਏ ਵਿਚਕਾਰ ਚੱਲ ਰਹੀਆਂ ਹਨ। ਟਮਾਟਰ ਐਸੋਸੀਏਸ਼ਨ ਦੇ ਮੁਖੀ ਅਸ਼ੋਕ ਕੌਸ਼ਿਕ ਮੁਤਾਬਕ ਰਾਜਧਾਨੀ 'ਚ ਟਮਾਟਰ ਦੀ ਜਿੰਨੀ ਖਪਤ ਹੁੰਦੀ ਹੈ, ਉਸ ਹਿਸਾਬ ਨਾਲ ਆਮਦ ਹੈ। ਇਹ ਟਮਾਟਰ ਸ਼ਿਮਲਾ, ਮਹਾਰਾਸ਼ਟਰ ਦੇ ਇਲਾਵਾ ਬੇਂਗਲੁਰੂ ਤੋਂ ਵੀ ਆ ਰਹੇ ਹਨ। ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੀਆਂ ਕੀਮਤਾਂ ਹੋਰ ਵੀ ਘੱਟ ਹੋ ਸਕਦੀਆਂ ਹਨ।