ਟਿਕਟੌਕ ਭਾਰਤ ’ਚ ਬੰਦ ਕਰੇਗੀ ਆਪਣਾ ਕਾਰੋਬਾਰ
Thursday, Jan 28, 2021 - 09:11 AM (IST)
ਨਵੀਂ ਦਿੱਲੀ (ਭਾਸ਼ਾ) – ਚੀਨੀ ਸੋਸ਼ਲ ਮੀਡੀਆ ਕੰਪਨੀ ਬਾਈਟਡਾਂਸ ਨੇ ਭਾਰਤ ’ਚ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਹੈ। ਭਾਰਤ ’ਚ ਟਿਕਟੌਕ ਅਤੇ ਹੈਲੋ ਐਪ ਦੀ ਹੋਂਦ ਰੱਖਣ ਵਾਲੀ ਇਸ ਕੰਪਨੀ ਦੀਆਂ ਸੇਵਾਵਾਂ ’ਤੇ ਰੋਕ ਜਾਰੀ ਹੈ।
ਟਿਕਟੌਕ ਦੇ ਕੌਮਾਂਤਰੀ ਅੰਤਰਿਮ ਮੁਖੀ ਵੇਨੇਸਾ ਪਾਪਪਸ ਅਤੇ ਕੌਮਾਂਤਰੀ ਵਪਾਰ ਸਲਿਊਸ਼ਨ ਦੇ ਉਪ ਪ੍ਰਧਾਨ ਬਲੇਕ ਚਾਂਡਲੀ ਨੇ ਕਰਮਚਾਰੀਆਂ ਨੂੰ ਭੇਜੇ ਇਕ ਈਮੇਲ ’ਚ ਕੰਪਨੀ ਦੇ ਫੈਸਲੇ ਬਾਰੇ ਦੱਸਿਆ ਕਿ ਉਹ ਟੀਮ ਦੇ ਆਕਾਰ ਨੂੰ ਘੱਟ ਕਰ ਰਹੀ ਹੈ ਅਤੇ ਇਸ ਫੈਸਲੇ ਨਾਲ ਭਾਰਤ ਦੇ ਸਾਰੇ ਕਰਮਚਾਰੀ ਪ੍ਰਭਾਵਿਤ ਹੋਣਗੇ। ਅਧਿਕਾਰੀਆਂ ਨੇ ਕੰਪਨੀ ਦੀ ਭਾਰਤ ’ਚ ਵਾਪਸੀ ’ਤੇ ਅਨਿਸ਼ਚਿਤਤਾ ਪ੍ਰਗਟਾਈ ਪਰ ਕਿਹਾ ਕਿ ਆਉਣ ਵਾਲੇ ਸਮੇਂ ’ਚ ਅਜਿਹਾ ਹੋਣ ਦੀ ਉਮੀਦ ਬਣੀ ਹੋਈ ਹੈ।
ਈਮੇਲ ’ਚ ਕਿਹਾ ਗਿਆ ਹੈ ਕਿ ਅਸੀਂ ਇਹ ਨਹੀਂ ਜਾਣਦੇ ਕਿ ਅਸੀਂ ਭਾਰਤ ’ਚ ਕਦੋਂ ਵਾਪਸੀ ਕਰਾਂਗੇ, ਅਸੀਂ ਆਪਣੇ ਲਚੀਲੇਪਨ ’ਤੇ ਭਰੋਸਾ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ’ਚ ਅਜਿਹਾ ਕਰਨ ਦੀ ਇੱਛਾ ਰੱਖਦੇ ਹਾਂ। ਬਾਈਟਡਾਂਸ ਦੇ ਇਕ ਸੂਤਰ ਮੁਤਾਬਕ ਕੰਪਨੀ ਨੇ ਬੁੱਧਵਾਰ ਨੂੰ ਇਕ ਟਾਊਨ ਹਾਲ ਦਾ ਆਯੋਜਨ ਕੀਤਾ, ਜਿਥੇ ਉਸ ਨੇ ਭਾਰਤ ਦੇ ਕਾਰੋਬਾਰ ਨੂੰ ਬੰਦ ਕਰਨ ਬਾਰੇ ਦੱਸਿਆ।
ਜਦੋਂ ਇਸ ਬਾਰੇ ਟਿਕਟੌਕ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ 29 ਜੂਨ 2020 ਨੂੰ ਜਾਰੀ ਭਾਰਤ ਸਰਕਾਰ ਦੇ ਆਦੇਸ਼ ਦੀ ਲਗਾਤਾਰ ਪਾਲਣਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਲਈ ਨਿਰਾਸ਼ਾਜਨਕ ਹੈ ਕਿ ਪਿਛਲੇ 7 ਮਹੀਨਿਆਂ ’ਚ ਸਾਡੇ ਯਤਨਾਂ ਦੇ ਬਾਵਜੂਦ ਸਾਨੂੰ ਇਸ ਬਾਰੇ ਸਪੱਸ਼ਟ ਦਿਸ਼ਾ ਨਹੀਂ ਦਿੱਤੀ ਗਈ ਕਿ ਸਾਡੇ ਐਪ ਨੂੰ ਕਿਵੇਂ ਅਤੇ ਕਦੋਂ ਮੁੜ ਚਾਲੂ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਡੂੰਘਾ ਅਫਸੋਸ ਹੈ ਕਿ ਭਾਰਤ ’ਚ ਸਾਡੇ 2000 ਤੋਂ ਵੱਧ ਕਰਮਚਾਰੀਆਂ ਨੂੰ ਅੱਧੇ ਸਾਲ ਤੱਕ ਬਣਾਈ ਰੱਖਣ ਤੋਂ ਬਾਅਦ ਸਾਡੇ ਕੋਲ ਆਪਣੇ ਵਰਕਫੋਰਸ ਨੂੰ ਘਟਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
ਬੁਲਾਰੇ ਨੇ ਕਿਹਾ ਕਿ ਕੰਪਨੀ ਟਿਕਟੌਕ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਭਾਰਤ ਸਰਕਾਰ ਨੇ ਜੂਨ 2020 ’ਚ ਟਿਕਟੌਕ ਅਤੇ ਹੈਲੋ ਸਮੇਤ ਚੀਨ ਦੇ 59 ਐਪ ਨੂੰ ਬੰਦ ਕਰ ਦਿੱਤਾ ਸੀ।