ਹਜ਼ਾਰਾਂ ਜੌਹਰੀਆਂ ਨੂੰ ਪਈ ਦੋਹਰੀ ਮਾਰ, ਕਾਰੋਬਾਰੀ ਮੰਦੀ ਵਿਚਕਾਰ ਮਿਲਿਆ ਟੈਕਸ ਮੰਗ ਦਾ ਨੋਟਿਸ

01/01/2020 6:22:02 PM

ਮੁੰਬਈ — ਇਨਕਮ ਟੈਕਸ ਵਿਭਾਗ ਨੇ ਨੋਟਬੰਦੀ ਦੇ ਬਾਅਦ ਵੱਡੇ ਪੈਮਾਨੇ 'ਤੇ ਨਕਦੀ ਜਮ੍ਹਾਂ ਕਰਵਾਉਣ ਵਾਲੇ ਦੇਸ਼ ਭਰ ਦੇ ਹਜ਼ਾਰਾਂ ਜੌਹਰੀਆਂ ਨੂੰ ਟੈਕਸ ਦੀ ਮੰਗ ਦਾ ਨੋਟਿਸ ਭੇਜਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੋਟਿਸ ਬੀਤੇ ਕੱਲ੍ਹ ਭੇਜੇ ਗਏ ਕਿਉਂਕਿ ਵਿੱਤੀ ਸਾਲ 2016-17 ਲਈ ਨੋਟਿਸ ਭੇਜਣ ਦਾ ਆਖਰੀ ਦਿਨ ਸੀ। ਨੋਟਬੰਦੀ ਨਵੰਬਰ 2016 ਵਿਚ ਕੀਤੀ ਗਈ ਸੀ ਅਤੇ ਵਿੱਤੀ ਸਾਲ 2016-17 ਵਿਚ ਹੀ ਇਹ ਨਕਦੀ ਜਮ੍ਹਾ ਕਰਵਾਈ ਗਈ ਸੀ।

ਇਸ ਨਾਲ ਉਦਯੋਗ ਜਗਤ ਵਿਚ ਨਵੀਂ ਚਿੰਤਾ ਪੈਦਾ ਹੋ ਗਈ ਹੈ ਕਿ ਕੀ ਕਾਰੋਬਾਰੀ ਸੁਸਤੀ ਦਾ ਸਾਹਮਣਾ ਕਰ ਰਹੇ ਜੌਹਰੀ ਟੈਕਸ ਦੀ ਮੰਗ ਦਾ ਭੁਗਤਾਨ ਕਰਨ ਸਕਣਗੇ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਇਨ੍ਹਾਂ ਦਾ ਕਾਰੋਬਾਰ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਬਹੁਤੇ ਜੌਹਰੀਆਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪੈ ਸਕਦਾ ਹੈ। ਨੈਸ਼ਨਲ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ, 'ਆਮਦਨ ਟੈਕਸ ਵਿਭਾਗ  ਵਲੋਂ ਜੌਹਰੀਆਂ ਨੂੰ ਵਸੂਲੀ ਨੋਟਿਸ ਮਿਲਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਅਸੀਂ ਸਾਰੇ ਗਹਿਣਾ ਨਿਰਮਾਤਾਵਾਂ ਅਤੇ ਥੋਕ ਵਿਕਰੇਤਾਵਾਂ ਨੂੰ ਕੋਈ ਨਵਾਂ ਮਾਲ ਦੇਣ ਤੋਂ ਪਹਿਲਾਂ ਜੌਹਰੀਆਂ ਦਾ ਸਹੀ ਢੰਗ ਨਾਲ ਕੇਵਾਈਸੀ ਕਰਨ ਦੀ ਸਲਾਹ ਦਿੱਤੀ ਹੈ।'

ਸੂਤਰਾਂ ਮੁਤਾਬਕ ਸਿਰਫ ਮੁੰਬਈ ਵਿਚ ਹੀ ਟੈਕਸ ਵਿਭਾਗ ਨੇ ਕਰੀਬ 500 ਜੌਹਰੀਆਂ ਨੂੰ ਇਹ ਨੋਟਿਸ ਭੇਜਿਆ ਹੈ। ਨਵੀਂ ਦਿੱਲੀ ਦੇ ਜੌਹਰੀਆਂ ਦੀ ਸੰਖਿਆ ਇਸ ਤੋਂ ਵੀ ਜ਼ਿਆਦਾ ਹੈ। ਦੇਸ਼ 'ਚ ਕਰੀਬ 3 ਲੱਖ ਤੋਂ ਜ਼ਿਆਦਾ ਜੌਹਰੀ ਹਨ ਅਤੇ ਨੋਟਬੰਦੀ ਦੇ ਬਾਅਦ ਇਨ੍ਹਾਂ ਵਿਚੋਂ ਕਈ ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਪੁਰਾਣੇ ਨੋਟ ਲੈਣ 'ਚ ਬਹੁਤ ਸਰਗਰਮ ਸਨ।
ਜ਼ਿਕਰਯੋਗ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਤਾਂ ਵਪਾਰੀਆਂ ਨੂੰ ਉਸ ਦਿਨ ਰਾਤ 12 ਵਜੇ ਤੱਕ ਨਕਦ ਵਿਕਰੀ 'ਤੇ ਪੁਰਾਣੇ ਨੋਟ ਲੈਣ ਦੀ ਆਗਿਆ ਸੀ। ਇਸ ਲਈ ਕਈ ਜੌਹਰੀ ਉਸਦੇ ਦੇ ਬਾਅਦ ਵੀ ਬਹੁਤ ਦਿਨਾਂ ਤੱਕ ਪਾਬੰਦੀ ਸ਼ੁਦਾ ਨੋਟ ਲੈਂਦੇ ਰਹੇ।

ਇਨ੍ਹਾਂ ਜੌਹਰੀਆਂ ਨੇ 30 ਤੋਂ 40 ਫੀਸਦੀ ਮਹਿੰਗੇ ਭਾਅ 'ਤੇ ਸੋਨਾ ਵੇਚਿਆ ਅਤੇ ਮੋਟਾ ਮੁਨਾਫਾ ਕਮਾਇਆ। ਜੌਹਰੀਆਂ 'ਤੇ ਆਮਦਨ ਟੈਕਸ ਵਿਭਾਗ ਦੇ ਨੋਟਿਸ ਕਾਰਨ ਦੋਹਰੀ ਮਾਰ ਪਈ ਹੈ। ਇਕ ਸੂਤਰ ਨੇ ਦੱਸਿਆ ਕਿ ਟੈਕਸ ਮੰਗ 'ਚ ਆਮਦਨ ਟੈਕਸ, ਜੁਰਮਾਨਾ ਅਤੇ ਅੱਜ ਤੱਕ ਦਾ ਵਿਆਜ ਸ਼ਾਮਲ ਹੈ ਜਿਹੜੀ ਕਿ ਉਨ੍ਹਾਂ ਵਲੋਂ ਜਮ੍ਹਾਂ ਕੀਤੀ ਗਈ ਨਕਦੀ ਦੇ ਲਗਭਗ ਬਰਾਬਰ ਬਣਦੀ ਹੈ। ਇਸ ਤੋਂ ਇਲਾਵਾ ਜਿਹੜਾ ਸੋਨਾ ਵੇਚਿਆ ਗਿਆ ਉਸਦਾ ਮੁੱਲ ਵੀ ਜੌਹਰੀਆਂ ਲਈ ਨੁਕਸਾਨਦਾਇਕ ਹੋਵੇਗਾ। ਇਸ ਬਾਰੇ ਅਜੇ ਜਾਣਕਾਰੀ ਨਹੀਂ ਹੈ ਕਿ ਪੂਰੇ ਦੇਸ਼ 'ਚ ਕੁੱਲ ਕਿੰਨੇ ਜੌਹਰੀਆਂ ਨੂੰ ਟੈਕਸ ਮੰਗ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਵਸੂਲੀ ਦੀ ਕੁੱਲ ਕਿੰਨੀ ਰਾਸ਼ੀ ਬਣਦੀ ਹੈ। ਪਰ ਮਿਲੀ ਜਾਣਕਾਰੀ ਅਨੁਸਾਰ ਕਈ ਹਜ਼ਾਰ ਜੌਹਰੀਆਂ ਨੂੰ ਟੈਕਸ ਮੰਗ ਦਾ ਨੋਟਿਸ ਮਿਲਿਆ ਹੈ ਅਤੇ ਜੁਰਮਾਨੇ ਅਤੇ ਵਿਆਜ ਦੇ ਨਾਲ ਵਸੂਲੀ ਦੀ ਰਾਸ਼ੀ ਬਹੁਤ ਜ਼ਿਆਦਾ ਹੈ।


Related News