ਇਸ ਸਾਲ ਗਰਮੀਆਂ ''ਚ ਠੰਡਕ ਦਾ ਅਹਿਸਾਹ ਹੋਵੇਗਾ ਮਹਿੰਗਾ, ਬੱਚਿਆਂ ਸਮੇਤ ਹਰ ਵਰਗ ਨੂੰ ਲੱਗੇਗਾ ਝਟਕਾ

02/26/2020 2:03:10 PM

ਨਵੀਂ ਦਿੱਲੀ — ਸਰਦੀਆਂ ਦਾ ਸੀਜ਼ਨ ਲਗਭਗ ਖਤਮ ਹੋ ਰਿਹਾ ਹੈ ਅਤੇ ਗਰਮੀ ਨੇ ਆਪਣੀ ਆਮਦ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਤਪਦੀ ਗਰਮੀ 'ਚ ਠੰਡਕ ਦਾ ਅਹਿਸਾਸ ਦਵਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ 'ਚ ਸ਼ੁਮਾਰ ਆਈਸਕ੍ਰੀਮ ਅਤੇ ਏ.ਸੀ. ਇਸ ਸਾਲ ਮਹਿੰਗੇ ਹੋ ਸਕਦੇ ਹਨ। ਇਸ ਦਾ ਅਹਿਮ ਕਾਰਨ ਨਿਰਮਾਣ ਲਾਗਤ ਦਾ ਵਧਣਾ ਹੈ। ਲਾਗਤ ਵਧਣ ਕਾਰਨ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ।  

ਹਰ ਵਰਗ ਲਈ ਜ਼ਰੂਰੀ ਏ.ਸੀ. ਹੋਵੇਗਾ ਮਹਿੰਗਾ

ਅਗਲੇ ਮਹੀਨੇ ਤੋਂ ਹੀ ਗਰਮੀਆਂ ਕਾਰਨ ਏਅਰ ਕੰਡੀਸ਼ਨਰ(ਏ.ਸੀ.) ਦੀ ਵਿਕਰੀ ਦਾ ਦੌਰ ਸ਼ੁਰੂ ਹੋ ਜਾਵੇਗਾ। ਕੋਰੋਨਾ ਵਾਇਰਸ ਅਤੇ ਬਜਟ ਵਿਵਸਥਾ ਕਾਰਨ ਇਸ ਸਾਲ ਦੇਸ਼ ਦੇ ਲੋਕਾਂ ਨੂੰ ਇਸ ਦੀ ਜ਼ਿਆਦਾ ਕੀਮਤ ਚੁਕਾਣੀ ਪੈ ਸਕਦੀ ਹੈ। ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਸਰਕਾਰ ਨੇ ਏਅਰ ਕੰਡੀਸ਼ਨਰ ਕੰਪ੍ਰੈਸ਼ਰ 'ਤੇ 5 ਫੀਸਦੀ ਕਸਟਮ ਡਿਊਟੀ ਵਧਾ ਦਿੱਤੀ ਹੈ। ਦੂਜਾ ਕਾਰਨ ਹੈ ਕੋਰੋਨਾ ਵਾਇਰਸ। ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਚੀਨ ਦਾ ਜ਼ਿਆਦਾਤਰ ਉਦਯੋਗ ਠੱਪ ਹੋ ਚੁੱਕਾ ਹੈ। ਫੈਕਟਰੀਆਂ ਅਤੇ ਕਾਰਖਾਨੇ ਬੰਦ ਹਨ। ਇਸ ਕਾਰਨ ਏ.ਸੀ. ਦੇ ਚੀਨ ਤੋਂ ਮੰਗਵਾਏ ਜਾਣ ਵਾਲੇ ਪਾਰਟਸ ਦੀ ਕਿੱਲਤ ਪੈਦਾ ਹੋ ਗਈ ਹੈ। ਹੁਣ ਕੰਪਨੀਆਂ ਨੂੰ ਮਹਿੰਗੇ ਭਾਅ ਇਸ ਦੇ ਪਾਰਟਸ ਖਰੀਦਣੇ ਪੈਣਗੇ ਜਿਸ ਕਾਰਨ ਕੀਮਤਾਂ 'ਚ ਵਾਧਾ ਲਗਭਗ ਤੈਅ ਹੈ। ਜ਼ਿਕਰਯੋਗ ਹੈ ਕਿ ਇਸ ਦੇ ਪਾਰਟਸ ਤੋਂ ਇਲਾਵਾ ਭਾਰਤ ਚੀਨ ਕੋਲੋਂ ਬਣੇ-ਬਣਾਏ ਏ.ਸੀ. ਦਾ ਵੀ ਆਯਾਤ ਵੀ ਕਰਦਾ ਹੈ।

ਸਾਰਿਆਂ ਦੀ ਮਨਪਸੰਦ ਆਈਸਕ੍ਰੀਮ ਹੋਵੇਗੀ ਮਹਿੰਗੀ

PunjabKesari

ਗਰਮੀਆਂ 'ਚ ਬੱਚਿਆਂ ਸਮੇਤ ਹਰ ਵਰਗ ਦੀ ਮਨਪਸੰਦ ਡਿਸ਼ ਹੁੰਦੀ ਹੈ ਆਈਸਕ੍ਰੀਮ। ਆਈਸਕ੍ਰੀਮ ਦੀ ਵਿਕਰੀ ਗਰਮੀਆਂ 'ਚ ਬਹੁਤ ਜ਼ਿਆਦਾ ਵਧ ਜਾਂਦੀ ਹੈ। ਦੁੱਧ ਦੀ ਸਪਲਾਈ ਘੱਟ ਹੋਣ ਕਾਰਨ ਦੁੱਧ ਪਾਊਡਰ ਇਸ ਸਾਲ 30 ਫੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਦੂਜੇ ਪਾਸੇ ਖੰਡ ਦੀਆਂ ਕੀਮਤਾਂ ਵੀ ਵਧੀਆਂ ਹਨ। ਇਸ ਕਾਰਨ ਕਈ ਆਈਸਕ੍ਰੀਮ ਕੰਪਨੀਆਂ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ। ਦੇਸ਼ ਦੀਆਂ ਮਸ਼ਹੂਰ ਅਮੂਲ ਅਤੇ ਵਾਡੀਲਾਲ ਕੰਪਨੀਆਂ ਨੇ ਪਹਿਲਾਂ ਹੀ ਆਪਣੇ ਕੁਝ ਉਤਪਾਦਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕਵਾਲਿਟੀ ਸਮੇਤ ਬਾਕੀ ਦੀਆਂ ਕੰਪਨੀਆਂ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਕੰਪਨੀਆਂ 5 ਤੋਂ 10 ਫੀਸਦੀ ਤੱਕ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ।


Related News