ਇਸ ਮਹੀਨੇ ਗਰਮੀ ਦੇ ਨਾਲ-ਨਾਲ ਮਹਿੰਗਾਈ ਵੀ ਵਧਾਏਗੀ ਪਾਰਾ, ਕੀਮਤਾਂ ਕੱਢਣਗੀਆਂ ਜੇਬ ਦਾ ਧੂੰਆਂ

Friday, Jul 02, 2021 - 01:57 PM (IST)

ਇਸ ਮਹੀਨੇ ਗਰਮੀ ਦੇ ਨਾਲ-ਨਾਲ ਮਹਿੰਗਾਈ ਵੀ ਵਧਾਏਗੀ ਪਾਰਾ, ਕੀਮਤਾਂ ਕੱਢਣਗੀਆਂ ਜੇਬ ਦਾ ਧੂੰਆਂ

ਨਵੀਂ ਦਿੱਲੀ (ਇੰਟ.) – ਦੇਸ਼ ਭਰ ਦੇ ਆਮ ਖਪਤਕਾਰਾਂ ਨੂੰ ਜੁਲਾਈ ’ਚ ਮਹਿੰਗਾਈ ਦਾ ਹੋਰ ਬੋਝ ਸਹਿਣ ਲਈ ਤਿਆਰ ਰਹਿਣਾ ਹੋਵੇਗਾ। ਦਰਅਸਲ ਕਈ ਖਪਤਕਾਰ ਕੰਪਨੀਆਂ ਨੇ ਉਤਪਾਦਨ ਲਾਗਤ ’ਚ ਵਾਧੇ ਤੋਂ ਬਾਅਦ ਆਪਣੀਆਂ ਵਸਤਾਂ ਦੀਆਂ ਕੀਮਤਾਂ ਜੁਲਾਈ ਤੋਂ ਵਧਾਉਣ ਦਾ ਫੈਸਲਾ ਕੀਤਾ ਹੈ।
ਅਮੂਲ ਨੇ ਵੀ ਉਤਪਾਦਨ ਲਾਗਤ ਵਧਣ ਦਾ ਹਵਾਲਾ ਦਿੰਦੇ ਹੋਏ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲਿਟਰ ਵਾਧਾ ਕਰਨ ਦਾ ਐਲਾਨ 1 ਜੁਲਾਈ ਤੋਂ ਕੀਤਾ ਹੈ। ਆਉਣ ਵਾਲੇ ਦਿਨਾਂ ’ਚ ਦੂਜੀਆਂ ਡੇਅਰੀ ਕੰਪਨੀਆਂ ਵੀ ਆਪਣੇ ਉਤਪਾਦ ’ਚ ਵਾਧਾ ਕਰਨਗੀਆਂ। ਪੈਟਰੋਲ ਬੀਤੇ 2 ਮਹੀਨਿਆਂ ’ਚ 9.30 ਫੀਸਦੀ ਅਤੇ ਡੀਜ਼ਲ 10 ਫੀਸਦੀ ਤੋਂ ਵਧੇਰੇ ਮਹਿੰਗਾ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਵੀ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵਧਾਉਣਗੇ।

ਇਹ ਵੀ ਪੜ੍ਹੋ : ਕ੍ਰਿਪਟੋ ਕਰੰਸੀ ਤੋਂ ਬਾਅਦ ਹੁਣ ਅਮਰੀਕਾ ’ਚ ਵਰਚੁਅਲ ਪ੍ਰਾਪਰਟੀ ਦਾ ਧਮਾਲ

ਪੈਟਰੋਲ-ਡੀਜ਼ਲ ਦੇ ਰੇਟ ਨੇ ਵਧਾਇਆ ਬੋਝ

ਡੀਜ਼ਲ ਦੀ ਦਰ ਪਿਛਲੇ 6 ਮਹੀਨੇ ’ਚ 40 ਫੀਸਦੀ ਤੱਕ ਵਧ ਗਈ ਹੈ। ਇਸ ਦੀ ਤੁਲਨਾ ’ਚ ਮਾਲ ਢੁਆਈ ਦੀਆਂ ਦਰਾਂ ’ਚ ਵੀ 25 ਫੀਸਦੀ ਤੱਕ ਦਾ ਵਾਧਾ ਹੈ। ਡੀਜ਼ਲ ਦੇ ਰੇਟ ਵਧਣ ਕਾਰਨ ਸਿਰਫ ਮਾਲ-ਭਾੜੇ ’ਚ ਹੀ ਵਾਧਾ ਨਹੀਂ ਹੋਇਆ ਹੈ ਸਗੋਂ ਖੇਤੀ ਦੀ ਲਾਗਤ ਵੀ ਵਧ ਗਈ ਹੈ। ਇਕ ਕਨਾਲ ਖੇਤ ਦੀ ਵਾਹੀ 35 ਫੀਸਦੀ ਤੱਕ ਮਹਿੰਗੀ ਹੋਈ ਹੈ। ਮਾਲ-ਭਾੜਾ ਵਧਣ ਕਾਰਨ ਸਬਜ਼ੀਆਂ ਤੋਂ ਲੈ ਕੇ ਫਲਾਂ ਦੀਆਂ ਕੀਮਤਾਂ ’ਚ ਹਾਲ ਹੀ ਦੇ ਦਿਨਾਂ ’ਚ ਵਾਧਾ ਦਰਜ ਕੀਤਾ ਗਿਆ ਹੈ। ਡੀਜ਼ਲ ਦੀ ਕੀਮਤ ’ਚ ਉਛਾਲ ਕਾਰਨ ਯਾਤਰਾ ਕਰਨਾ ਵੀ ਮਹਿੰਗਾ ਹੋਇਆ ਹੈ।

ਟੈਂਪੂ ਅਤੇ ਬੱਸਾਂ ਦੇ ਕਿਰਾਏ ’ਚ 40 ਤੋਂ 50 ਫੀਸਦੀ ਦਾ ਵਾਧਾ

ਟੈਂਪੂ ਅਤੇ ਬੱਸਾਂ ਦੇ ਕਿਰਾਏ ’ਚ 40 ਤੋਂ 50 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ’ਚ ਦੇਸ਼ ’ਚ ਪੈਟਰੋਲ 9 ਫੀਸਦੀ ਅਤੇ ਡੀਜ਼ਲ 10 ਫੀਸਦੀ ਤੋਂ ਜ਼ਿਆਦਾ ਮਹਿੰਗਾ ਹੋਇਆ ਹੈ। ਇਸ ਦਾ ਅਸਰ ਵੀ ਆਉਣ ਵਾਲੇ ਦਿਨਾਂ ’ਚ ਦਿਖਾਈ ਦੇਵੇਗਾ। ਜ਼ਰੂਰੀ ਸਾਮਾਨ ਦੀਆਂ ਕੀਮਤਾਂ ਇਸ ਕਾਰਨ ਵਧਣਗੀਆਂ। ਸਾਬਕਾ ਸਟੈਟਿਕਸ ਮਾਹਰ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਪ੍ਰਣਵ ਸੇਨ ਨੇ ਦੱਸਿਆ ਕਿ ਡੀਜ਼ਲ ਦੇ ਰੇਟ ਵਧਣ ਦੇ ਅਸਰ ਕਾਰਨ ਖੇਤਾਂ ਤੋਂ ਸ਼ਹਿਰਾਂ ’ਚ ਅਤੇ ਮੁੜ ਲੋਕਾਂ ਦੇ ਘਰਾਂ ਤੱਕ ਪਹੁੰਚਣ ਵਾਲੀਆਂ ਸਬਜ਼ੀਆਂ ਅਤੇ ਦੂਜੀਆਂ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟਾਂ ’ਚ ਵਾਧਾ ਹੋਣਾ ਤੈਅ ਹੈ। ਉਨ੍ਹਾਂ ਦੇ ਮੁਤਾਬਕ ਡੀਜ਼ਲ ਦੇ ਰੇਟ 10 ਫੀਸਦੀ ਵਧਣ ’ਤੇ ਮਹਿੰਗਾਈ ’ਤੇ ਉਸ ਦਾ ਅਸਰ 0.3 ਫੀਸਦੀ ਆਉਣਾ ਤੈਅ ਹੁੰਦਾ ਹੈ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਇਕ ਹੋਰ ਝਟਕਾ, ਵਧੀਆਂ ਗੈਸ ਸਿਲੰਡਰ ਦੀਆਂ ਕੀਮਤਾਂ

ਟੀ. ਵੀ., ਏ. ਸੀ. ਅਤੇ ਫਰਿੱਜ਼ ਫਿਰ ਹੋਣਗੇ ਮਹਿੰਗੇ

ਕੰਪਨੀਆਂ ਦਾ ਕਹਿਣਾ ਹੈ ਕਿ ਬੀਤੇ 6 ਮਹੀਨਿਆਂ ਤੋਂ ਕੱਚੇ ਮਾਲ ਦੀ ਕੀਮਤ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਉਤਪਾਦਨ ਲਾਗਤ ਕਾਫੀ ਵਧ ਗਈ ਹੈ। ਇਸ ਨੁਕਸਾਨ ਦੀ ਭਰਪਾਈ ਲਈ ਕੀਮਤ ਵਧਾਉਣ ਤੋਂ ਇਲਾਵਾ ਦੂਜਾ ਹੋਰ ਕੋਈ ਬਦਲ ਨਹੀਂ ਹੈ। ਕੋਰੋਨਾ ਤੋਂ ਬਾਅਦ ਸਟੀਲ, ਐਲੂਮੀਨੀਅਮ, ਰਬੜ, ਕਾਪਰ, ਪਲਾਸਟਿਕ, ਰੇਅਰ ਮਟੀਰੀਅਲ ਅਤੇ ਹੋਰ ਕੱਚੀਆਂ ਸਮੱਗਰੀਆਂ ਦੀ ਕੀਮਤ ’ਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਿਕ ਪਿਛਲੇ 6 ਮਹੀਨਿਆਂ ’ਚ ਕਈ ਕੰਪਨੀਆਂ ਨੇ ਆਪਣੇ ਉਤਪਾਦ ਦੇ ਰੇਟ 5 ਤੋਂ 10 ਫੀਸਦੀ ਤੱਕ ਵਧਾਏ ਹਨ। ਕੱਚੇ ਮਾਲ ਦੀ ਕੀਮਤ ’ਚ ਵਾਧੇ ਕਾਰਨ ਹੋਮ ਅਪਲਾਇੰਸੇਜ਼ ਬਣਾਉਣ ਵਾਲੀਆਂ ਕੰਨਪੀਆਂ ਆਪਣੇ ਉਤਪਾਦਾਂ ਦੇ ਰੇਟ ਵਧਾ ਰਹੀਆਂ ਹਨ। ਯਾਨੀ ਟੀ. ਵੀ., ਏ. ਸੀ. ਅਤੇ ਫਰਿੱਜ਼ ਮੁੜ ਮਹਿੰਗੇ ਹੋ ਜਾਣਗੇ। ਜੁਲਾਈ ਤੋਂ ਇਨ੍ਹਾਂ ਦੀਆਂ ਕੀਮਤਾਂ ਕਰੀਬ 3-4 ਫੀਸਦੀ ਵਧਣ ਦਾ ਖਦਸ਼ਾ ਹੈ।

ਇਕ ਰਿਪੋਰਟ ਮੁਤਾਬਕ ਹੋਮ ਅਪਲਾਇੰਸੇਜ਼ ਸੈਕਟਰ ਦੀ ਪ੍ਰਮੁੱਖ ਕੰਪਨੀ ਬਜਾਜ ਇਲੈਕਟ੍ਰਾਨਿਕ ਜੁਲਾਈ ਤੋਂ ਅਗਸਤ ਦੌਰਾਨ ਆਪਣੇ ਸਾਰੇ ਪ੍ਰੋਡਕਟਸ ਦੇ ਰੇਟ ਘੱਟ ਤੋਂ ਘੱਟ 3 ਫੀਸਦੀ ਵਧਾਉਣ ਦੀ ਤਿਆਰੀ ’ਚ ਹੈ। ਇਸ ਤਰ੍ਹਾਂ ਗੋਦਰੇਜ਼ ਅਪਲਾਇੰਸੇਜ਼ ਵੀ ਦੂਜੀ ਤਿਮਾਹੀ ’ਚ ਪ੍ਰੋਡਕਟਸ ਦੇ ਰੇਟ ਦੋ ਵਾਰ ’ਚ 7-8 ਫੀਸਦੀ ਤੱਕ ਵਧਾ ਸਕਦੀ ਹੈ। ਬਲੂ ਸਟਾਰ ਵੀ ਆਪਣੇ ਉਤਪਾਦ ਦੀ ਕੀਮਤ 1 ਸਤੰਬਰ ਤੋਂ 5-8 ਫੀਸਦੀ ਤੱਕ ਵਧਾਉਣ ਦੀ ਤਿਆਰੀ ’ਚ ਹੈ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ, ਘਰੇਲੂ ਬਜਟ 'ਤੇ ਪਵੇਗਾ ਅਸਰ

ਘਰ ਦਾ ਬਜਟ ਸੰਭਾਲਣਾ ਹੋਵੇਗਾ ਹੋਰ ਮੁਸ਼ਕਲ

ਦੇਸ਼ ਦੇ ਕਈ ਸ਼ਹਿਰਾਂ ’ਚ ਔਰਤਾਂ ਨੇ ਦੱਸਿਆ ਕਿ ਘਟੀ ਆਮਦਨ ਦਰਮਿਆਨ ਘਰ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਗਿਆ ਹੈ। ਸਬਜ਼ੀਆਂ, ਖਾਣ ਵਾਲੇ ਤੇਲ, ਦਾਲਾਂ, ਫਲ, ਰਸੋਈ ਗੈਸ ਆਦਿ ਦੀਆਂ ਕੀਮਤਾਂ ’ਚ ਬੀਤੇ ਛੇ ਮਹੀਨੇ ’ਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਘਰ ਦਾ ਬਜਟ ਕਾਫੀ ਵਧ ਗਿਆ ਹੈ। ਇਸ ਦਰਮਿਆਨ ਕੋਰੋਨਾ ਦੀ ਦੂਜੀ ਲਹਿਰ ਕਾਰਨ ਆਮਦਨ ’ਚ ਹੋਰ ਗਿਰਾਵਟ ਆ ਗਈ ਹੈ। ਅਜਿਹੇ ’ਚ ਘਰ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।

ਇਹ ਵੀ ਪੜ੍ਹੋ : 1 ਜੁਲਾਈ ਤੋਂ ਕੱਟੇਗਾ ਦੁੱਗਣਾ TDS, ਅਜਿਹੇ ਲੋਕਾਂ ਦੀ ਪਛਾਣ ਲਈ ਬਣਾਇਆ ਨਵਾਂ ਸਿਸਟਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News