ਸਰਕਾਰ ਦੀ ਸ਼ਾਨਦਾਰ ਸਕੀਮ, FD ਤੋਂ ਵੱਧ ਬਣੇਗਾ ਪੈਸਾ, ਜਾਣੋ ਇਹ ਨਿਯਮ

08/20/2020 2:28:44 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਨੇ ਵਿਸ਼ਵ ਭਰ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਵਿਚਕਾਰ ਕੇਂਦਰੀ ਬੈਂਕ ਵਿਆਜ ਦਰਾਂ 'ਚ ਕਟੌਤੀ ਕਰਨ ਲੱਗੇ ਹੋਏ ਹਨ। ਫਿਕਸਡ ਡਿਪਾਜ਼ਿਟ (ਐੱਫ. ਡੀ.) ਵਰਗੇ ਪ੍ਰਸਿੱਧ ਨਿਵੇਸ਼ਾਂ 'ਚ ਰਿਟਰਨ ਲਗਾਤਾਰ ਘੱਟ ਰਿਹਾ ਹੈ। ਬਜ਼ੁਰਗ ਨਾਗਰਿਕਾਂ ਲਈ ਨਿਵੇਸ਼ ਦੇ ਵਿਕਲਪ ਸੀਮਤ ਹੋ ਗਏ ਹਨ। ਇਸ ਮੁਸ਼ਕਲ ਭਰੇ ਸਮੇਂ ਦੌਰਾਨ ਰਿਜ਼ਰਵ ਬੈਂਕ ਦਾ ਫਲੋਟਿੰਗ ਰੇਟ ਸੇਵਿੰਗ ਬਾਂਡ ਉਨ੍ਹਾਂ ਲਈ ਸੁਰੱਖਿਅਤ ਬਦਲਾਂ 'ਚੋਂ ਇਕ ਹੋ ਸਕਦਾ ਹੈ ਜੋ ਨਿਯਮਤ ਰਿਟਰਨ ਦੀ ਤਲਾਸ਼ 'ਚ ਹਨ।

7.75 ਫੀਸਦੀ ਵਾਲੇ ਬਾਂਡ ਨੂੰ ਬੰਦ ਕਰਨ ਤੋਂ ਬਾਅਦ ਕੇਂਦਰੀ ਬੈਂਕ ਨੇ 7.15 ਫੀਸਦੀ ਦੀ ਵਿਆਜ ਦਰ ਨਾਲ ਨਵਾਂ ਫਲੋਟਿੰਗ ਰੇਟ ਸੇਵਿੰਗ ਬਾਂਡ ਪੇਸ਼ ਕੀਤਾ ਹੈ। ਫਲੋਟਿੰਗ ਰੇਟ ਸੇਵਿੰਗ ਬਾਂਡ 'ਤੇ ਵਿਆਜ ਦਰ 6 ਮਹੀਨੇ ਦੇ ਆਧਾਰ 'ਤੇ ਮਿਲੇਗੀ। ਪਹਿਲੀ ਅਜਿਹੀ ਅਦਾਇਗੀ 1 ਜਨਵਰੀ 2021 ਨੂੰ ਹੋਣੀ ਹੈ। ਵਿਆਜ ਦਰ ਵੀ ਹਰ 6 ਮਹੀਨਿਆਂ 'ਚ ਦੁਬਾਰਾ ਨਿਰਧਾਰਤ ਕੀਤੀ ਜਾਏਗੀ। ਆਰ. ਬੀ. ਆਈ. ਦੇ ਫਲੋਟਿੰਗ ਰੇਟ ਬਾਂਡ ਦੀਆਂ ਵਿਸ਼ੇਸ਼ਤਾਵਾਂ 'ਤੇ ਇਕ ਨਜ਼ਰ :—

ਯੋਗਤਾ : ਭਾਰਤੀ ਨਿਵਾਸੀ ਤੇ ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.) ਇਨ੍ਹਾਂ ਬਾਂਡ 'ਚ ਨਿਵੇਸ਼ ਕਰ ਸਕਦੇ ਹਨ। ਐੱਨ. ਆਰ. ਆਈ. ਜਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਇਨ੍ਹਾਂ 'ਚ ਨਿਵੇਸ਼ ਦੀ ਆਗਿਆ ਨਹੀਂ ਹੈ। ਇਹ ਬਾਂਡ ਨਾਬਾਲਗ ਬੱਚੇ ਦੇ ਨਾਮ 'ਤੇ ਵੀ ਖਰੀਦ ਸਕਦੇ ਹੋ। ਸਾਂਝੇ ਤੌਰ 'ਤੇ ਵੀ ਖਰੀਦ ਸਕਦੇ ਹੋ। ਇਨ੍ਹਾਂ ਬਾਂਡਾਂ 'ਚ ਰਾਸ਼ਟਰੀ ਬੈਂਕਾਂ ਤੇ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਐਕਸਿਸ ਬੈਂਕ ਜ਼ਰੀਏ ਨਿਵੇਸ਼ ਕੀਤਾ ਜਾ ਸਕਦਾ ਹੈ। 20,000 ਰੁਪਏ ਤੱਕ ਦੇ ਨਿਵੇਸ਼ ਦੀ ਅਦਾਇਗੀ ਨਕਦ ਕੀਤੀ ਜਾ ਸਕਦੀ ਹੈ, ਜਦੋਂ ਕਿ ਇਸ ਤੋਂ ਵੱਧ ਦਾ ਭੁਗਤਾਨ ਚੈੱਕ ਜ਼ਰੀਏ ਅਤੇ ਆਨਲਾਈਨ ਕੀਤਾ ਜਾ ਸਕਦਾ ਹੈ।

ਨਿਵੇਸ਼ ਤੇ ਸਮਾਂ : ਘੱਟੋ-ਘੱਟ 1,000 ਰੁਪਏ ਨਿਵੇਸ਼ ਕੀਤਾ ਜਾ ਸਕਦਾ ਹੈ, ਜਦੋਂ ਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਲਿਮਟ ਨਹੀਂ ਹੈ। ਇਸ ਆਰ. ਬੀ. ਆਈ. ਬਾਂਡ ਦਾ ਲਾਕ-ਇਨ ਪੀਰੀਅਡ ਯਾਨੀ ਮਿਆਦ 7 ਸਾਲ ਹੈ। ਆਰ. ਬੀ. ਆਈ. ਫਲੋਟਿੰਗ ਸੇਵਿੰਗ ਬਾਂਡ 'ਤੇ ਵਿਆਜ ਪੂਰੀ ਤਰ੍ਹਾਂ ਟੈਕਸਯੋਗ ਹੋਵੇਗਾ। ਇਸ ਬਾਂਡ 'ਤੇ ਪ੍ਰਾਪਤ ਹੋਏ ਵਿਆਜ ਦੇ ਸਬੰਧ 'ਚ ਤੁਸੀਂ ਕੋਈ ਟੈਕਸ ਲਾਭ ਪ੍ਰਾਪਤ ਨਹੀਂ ਕਰ ਸਕਦੇ। ਵਿਆਜ ਕਮਾਈ 'ਤੇ ਟੀ. ਡੀ. ਐੱਸ. ਵੀ ਲੱਗੇਗਾ। ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ ਉਹ ਸਮੇਂ ਤੋਂ ਪਹਿਲਾਂ ਇਸ ਫਲੋਟਿੰਗ ਰੇਟ ਸੇਵਿੰਗ ਬਾਂਡ 'ਚੋਂ ਨਿਕਾਸੀ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ - ਡਾਲਰ ਦਾ ਮੁੱਲ 75 ਰੁਪਏ ਤੋਂ ਪਾਰ, NRIs ਦੀ ਭਾਰੀ ਹੋਵੇਗੀ ਜੇਬ


Sanjeev

Content Editor

Related News