ਫਾਡਾ ਨੂੰ ਵਾਹਨ ਖੇਤਰ 'ਚ ਵੱਡੇ ਪੱਧਰ 'ਤੇ ਨੌਕਰੀਆਂ ਜਾਣ ਦਾ ਖਦਸ਼ਾ

Sunday, Jun 14, 2020 - 04:23 PM (IST)

ਫਾਡਾ ਨੂੰ ਵਾਹਨ ਖੇਤਰ 'ਚ ਵੱਡੇ ਪੱਧਰ 'ਤੇ ਨੌਕਰੀਆਂ ਜਾਣ ਦਾ ਖਦਸ਼ਾ

ਨਵੀਂ ਦਿੱਲੀ— ਵਾਹਨ ਡੀਲਰਾਂ ਦੇ ਸੰਗਠਨ ਫੈਡਰੇਸ਼ਨ ਆਫ ਆਟੋਮੋਬਾਲਿ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਡੀਲਰਾਂ ਦੇ ਪੱਧਰ 'ਤੇ ਵੱਡੇ ਪੈਮਾਨੇ 'ਤੇ ਨੌਕਰੀਆਂ ਜਾ ਸਕਦੀਆਂ ਹਨ। ਫਾਡਾ ਦਾ ਮੰਨਣਾ ਹੈ ਕਿ ਡੀਲਰਾਂ ਦੇ ਪੱਧਰ 'ਤੇ ਕੰਮ ਕਰਨ ਵਾਲਿਆਂ ਨੂੰ ਵੱਡੀ ਗਿਣਤੀ 'ਚ ਰੋਜ਼ਗਾਰ ਤੋਂ ਹੱਥ ਧੋਣਾ ਪੈ ਸਕਦਾ ਹੈ। ਇਹ ਸਥਿਤੀ ਪਿਛਲੇ ਸਾਲ ਤੋਂ ਜ਼ਿਆਦਾ ਬੁਰੀ ਹੋਣ ਵਾਲੀ ਹੈ। ਪਿਛਲੇ ਸਾਲ ਵਾਹਨ ਬਾਜ਼ਾਰ 'ਚ ਲੰਮੇ ਸਮੇਂ ਤੱਕ ਜਾਰੀ ਸੁਸਤੀ ਦੀ ਵਜ੍ਹਾ ਨਾਲ ਤਕਰੀਬਨ ਦੋ ਲੱਖ ਲੋਕਾਂ ਨੂੰ ਨੌਕਰੀ ਗੁਆਉਣੀ ਪਈ ਸੀ।

ਫਾਡਾ ਨੇ ਹਾਲਾਂਕਿ, ਕਿਹਾ ਕਿ ਇਸ ਬਾਰੇ ਸਹੀ ਤਸਵੀਰ ਇਸ ਮਹੀਨੇ ਦੇ ਅਖੀਰ ਤੱਕ ਉਭਰ ਕੇ ਸਾਹਮਣੇ ਆਵੇਗੀ। ਉਸ ਸਮੇਂ ਐਸੋਸੀਏਸ਼ਨ ਸਰਵੇ ਕਰਾਏਗੀ ਜਿਸ ਤੋਂ ਪਤਾ ਲੱਗੇਗਾ ਕਿ ਡੀਲਰ ਪੱਧਰ 'ਤੇ ਕਿਰਤ ਬਲ 'ਚ ਕਮੀ ਨੂੰ ਲੈ ਕੇ ਕੀ ਯੋਜਨਾ ਬਣ ਰਹੀ ਹੈ।
ਇਹ ਪੁੱਛੇ ਜਾਣ 'ਤੇ ਕੀ ਕੀ ਇਸ ਗੱਲ ਦਾ ਖਦਸ਼ਾ ਹੈ ਕਿ ਡੀਲਰਸ਼ਿਪ 'ਚ ਕੋਵਿਡ-19 ਦੇ ਪ੍ਰਭਾਵ ਕਾਰਨ 2019 ਦੀ ਤੁਲਨਾ 'ਚ ਜ਼ਿਆਦਾ ਨੌਕਰੀਆਂ ਜਾ ਸਕਦੀਆਂ ਹਨ, ਫਾਡਾ ਦੇ ਮੁਖੀ ਹਰਸ਼ਰਾਜ ਕਾਲੇ ਨੇ ਕਿਹਾ, ''ਜੇਕਰ ਮੰਗ ਨਹੀਂ ਸੁਧਰਦੀ ਹੈ ਤਾਂ ਨਿਸ਼ਚਿਤ ਤੌਰ 'ਤੇ ਅਜਿਹਾ ਹੋਵੇਗਾ।'' ਵਿਕਰੀ 'ਚ ਭਾਰੀ ਗਿਰਾਵਟ ਵਿਚਕਾਰ ਪਿਛਲੇ ਸਾਲ ਮਈ ਤੋਂ ਜੂਨ ਦੌਰਾਨ ਦੇਸ਼ ਭਰ 'ਚ ਵਾਹਨ ਡੀਲਰਸ਼ਿਪ ਵੱਲੋਂ ਤਕਰੀਬਨ 2 ਲੱਖ ਨੌਕਰੀਆਂ ਦੀ ਕਟੌਤੀ ਕੀਤੀ ਗਈ ਸੀ।

ਹਾਲਾਂਕਿ, ਕਾਲੇ ਨੇ ਇਸ ਦੇ ਨਾਲ ਹੀ ਕਿਹਾ ਕਿ ਕੋਵਿਡ-19 ਦੀ ਵਜ੍ਹਾ ਨਾਲ ਕਿਸ ਤਰ੍ਹਾਂ ਦੀ ਨੌਕਰੀਆਂ 'ਚ ਕਮੀ ਆਵੇਗੀ, ਇਸ ਦੀ ਸਪੱਸ਼ਟ ਤਸਵੀਰ ਇਸ ਮਹੀਨੇ ਦੇ ਅਖੀਰ ਤੱਕ ਹੀ ਸਾਹਮਣੇ ਆਵੇਗੀ। ਅਪ੍ਰੈਲ ਅਤੇ ਮਈ 'ਚ ਪੂਰੀ ਤਰ੍ਹਾਂ ਲਾਕਡਾਊਨ ਰਿਹਾ, ਅਜਿਹੇ 'ਚ ਤੁਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੰਗ ਦੀ ਸਥਿਤੀ ਹੁਣ ਕੀ ਰਹੇਗੀ। ਉਨ੍ਹਾਂ ਕਿਹਾ ਕਿ ਜੂਨ ਦੇ ਅਖੀਰ ਤੱਕ ਹੀ ਇਹ ਪਤਾ ਲੱਗੇਗਾ ਕਿ ਮਹਾਮਾਰੀ ਨੇ ਅਰਥਵਿਵਸਥਾ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ। ਕਿਹੜਾ ਬਾਜ਼ਾਰ ਖੇਤਰ, ਸ਼ਹਿਰੀ ਤੇ ਗ੍ਰਾਮੀਣ 'ਚੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਾਂ ਫਿਰ ਦੋਹਾਂ 'ਤੇ ਅਸਰ ਪਿਆ ਹੈ, ਨਾਲ ਹੀ ਇਹ ਵੀ ਪਤਾ ਲੱਗੇਗਾ ਕਿ ਉੱਚ ਵਰਗ ਜਾਂ ਮੱਧ ਵਰਗ 'ਤੇ ਕੋਵਿਡ-19 ਦੀ ਮਾਰ ਜ਼ਿਆਦਾ ਪਈ ਹੈ।


author

Sanjeev

Content Editor

Related News