ਟੈਕਸਦਾਤਾਵਾਂ ਦੇ ਅੰਕੜਿਆਂ ''ਚ ਕੋਈ ਗੜਬੜੀ ਨਹੀਂ : CBDT

Saturday, Aug 19, 2017 - 10:52 AM (IST)

ਟੈਕਸਦਾਤਾਵਾਂ ਦੇ ਅੰਕੜਿਆਂ ''ਚ ਕੋਈ ਗੜਬੜੀ ਨਹੀਂ : CBDT

ਨਵੀਂ ਦਿੱਲੀ—ਟੈਕਸ ਵਿਭਾਗ ਨੇ ਕਿਹਾ ਕਿ ਇਸ ਸਾਲ ਆਮਦਨ ਟੈਕਸਰਿਟਰਨ ਦਾਖਲ ਕਰਨ ਵਾਲੇ ਵਿਅਕਤੀਗਤ ਆਮਦਨ ਟੈਕਸਦਾਤਾਵਾਂ ਦੀ ਗਿਣਤੀ ਵਧ ਕੇ 2.79 ਕਰੋੜ ਸੀ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੱਸੇ ਗਏ 56 ਲੱਖ ਨਵੇਂ ਟੈਕਸਦਤਾਵਾਂ ਦੇ ਜੁੜਣ ਦੇ ਅੰਕੜੇ ਨਾਲ ਮੇਲ ਖਾਂਦਾ ਹੈ। 
ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦਕਿ ਕੁਝ ਲੋਕ ਇਸ ਬਾਰੇ 'ਚ ਵੱਖ-ਵੱਖ ਸਮੇਂ 'ਤੇ ਦਿੱਤੇ ਗਏ ਵੱਖ-ਵੱਖ ਅੰਕੜਿਆਂ ਕਾਰਨ ਸ਼ੱਕ ਜਤਾ ਰਹੇ ਹਨ। ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਆਪਣੇ ਸੰਬੋਧਨ 'ਚ ਇਕ ਅਪ੍ਰੈਲ 2017 ਤੋਂ 5 ਅਗਸਤ 2017 ਦੌਰਾਨ ਇਲੈਕਟ੍ਰਾਨਿਕ ਤਰੀਕੇ ਨਾਲ ਦਾਖਲ ਵਿਅਕਤੀਗਤ ਆਮਦਨ ਟੈਕਸ ਰਿਟਰਨ ਦੇ ਅੰਕੜਿਆਂ ਦਾ ਉਲੇਖ ਕੀਤਾ ਸੀ। ਸੀ.ਬੀ.ਡੀ.ਟੀ. ਨੇ ਕਿਹਾ ਕਿ ਆਮਦਨ ਟੈਕਸ ਵਿਭਾਗ ਦੇ ਕੋਲ ਮੌਜੂਦ ਅੰਕੜਿਆਂ ਮੁਤਾਬਕ ਇਕ ਅਪ੍ਰੈਲ 2017 ਤੋਂ 5 ਅਗਸਤ,2017 ਦੌਰਾਨ 2.79 ਕਰੋੜ ਈ-ਰਿਟਰਨ ਦਾਖਲ ਕੀਤੇ ਗਏ। ਉਧਰ ਇਕ ਅਪ੍ਰੈਲ, 2016 ਤੋਂ ਪੰਜ ਅਗਸਤ, 2016 ਦੇ ਦੌਰਾਨ 2.23 ਕਰੋੜ ਈ-ਰਿਟਰਨ ਦਾਖਲ ਕੀਤੇ ਗਏ ਸਨ। ਇਸ ਤਰ੍ਹਾਂ ਈ-ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ 'ਚ 56 ਲੱਖ ਦਾ ਇਜ਼ਾਫਾ ਹੋਇਆ ਹੈ। ਸਾਲ 2015 'ਚ ਦੋ ਕਰੋੜ ਈ-ਰਿਟਰਨ ਮਿਲੇ ਸਨ। ਇਸ ਲਿਹਾਜ਼ ਨਾਲ 2016 'ਚ 23 ਲੱਖ ਵਾਧੂ ਟੈਕਸਦਾਤਾਵਾਂ ਨੇ ਰਿਟਰਨ ਦਾਖਲ ਕੀਤੀ ਸੀ। 
ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਝ ਲੋਕ ਇਨ੍ਹਾਂ ਅੰਕੜਿਆਂ 'ਚ ਗੜਬੜੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਇਸ ਬਾਰੇ 'ਚ 12 ਅਗਸਤ ਨੂੰ ਜਾਰੀ ਆਰਥਿਕ ਸਮੀਖਿਆ ਦੋ 'ਚੋਂ 5.4 ਲੱਖ ਨਵੇਂ ਟੈਕਸਦਾਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ 'ਤੇ ਅਧਿਕਾਰੀ ਨੇ ਕਿਹਾ ਕਿ ਇਸ ਦੇ 22 ਵੇਂ ਪੇਜ਼ 'ਤੇ ਸਾਫ ਲਿਖਿਆ ਹੈ ਕਿ ਇਹ ਅੰਕੜਾ 8 ਨਵੰਬਰ, 2016 ਤੋਂ ਮਾਰਚ, 2017 ਤੱਕ ਦਾ ਹੈ। ਇਸ ਤਰ੍ਹਾਂ ਰਾਜ ਸਭਾ 'ਚ ਇਕ ਅਗਸਤ ਨੂੰ ਦੱਸਿਆ ਗਿਆ ਸੀ ਕਿ 33 ਲੱਖ ਨਵੇਂ ਟੈਕਸਦਾਤਾ ਜੁੜੇ ਹਨ। ਅਧਿਕਾਰੀ ਨੇ ਕਿਹਾ ਕਿ ਇਹ ਪੂਰੀ ਸੂਚਨਾ ਨਹੀਂ ਸੀ। ਪੂਰੀ ਜਾਣਕਾਰੀ 5 ਅਗਸਤ ਨੂੰ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਕ ਤੋਂ ਬਾਅਦ ਆਈ।


Related News