ਇੰਡੀਆ ਮਾਰਟ ਸਮੇਤ ਪੰਜ ਭਾਰਤੀ ਬਾਜ਼ਾਰਾਂ ਨੂੰ ਅਮਰੀਕਾ ਨੇ ਦੱਸਿਆ ਬਦਨਾਮ, ਚੀਨੀ ਕੰਪਨੀਆਂ ਵੀ ਸ਼ਾਮਲ
Saturday, Feb 19, 2022 - 11:29 AM (IST)
ਵਾਸ਼ਿੰਗਟਨ (ਭਾਸ਼ਾ) – ਭਾਰਤ ਦੀ ਲੋਕਪ੍ਰਿਯ ਈ-ਕਾਮਰਸ ਵੈੱਬਸਾਈਟ ਇੰਡੀਆ ਮਾਰਟ ਡਾਟ ਕਾਮ ਅਤੇ ਨਵੀਂ ਦਿੱਲੀ ਦੇ ਪ੍ਰਸਿੱਧ ਪਾਲਿਕਾ ਬਾਜ਼ਾਰ ਸਮੇਤ ਪੰਜ ਭਾਰਤੀ ਬਾਜ਼ਾਰਾਂ ਨੂੰ ਅਮਰੀਕਾ ਨੇ ਬਦਨਾਮ ਦੱਸਿਆ ਹੈ। ਅਮਰੀਕੀ ਵਪਾਰ ਪ੍ਰਤੀਨਿਧੀ (ਯੂ. ਐੱਸ. ਟੀ. ਆਰ.) ਵਲੋਂ ਜਾਰੀ ਦੁਨੀਆ ਦੇ ਬਦਨਾਮ ਬਾਜ਼ਾਰਾਂ ਦੀ ਤਾਜ਼ਾ ਸਾਲਾਨਾ ਸੂਚੀ ’ਚ ਇਨ੍ਹਾਂ ਬਾਜ਼ਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਾਲ 2021 ਲਈ ਵੀਰਵਾਰ ਨੂੰ ਜਾਰੀ ਇਸ ਸੂਚੀ ’ਚ ਦੁਨੀਆ ਭਰ ਦੇ 42 ਆਨਲਾਈਨ ਅਤੇ 35 ਰਵਾਇਤੀ ਬਾਜ਼ਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਟ੍ਰੇਡਮਾਰਕ ਧੋਖਾਦੇਹੀ ਜਾਂ ਕਾਪੀਰਾਈਟ ਚੋਰੀ ’ਚ ਸ਼ਾਮਲ ਹਨ। ਸੂਚੀ ’ਚ ਸ਼ਾਮਲ ਤਿੰਨ ਹੋਰ ਭਾਰਤੀ ਬਾਜ਼ਾਰ ਮੁੰਬਈ ’ਚ ਹੀਰਾ ਪੰਨਾ, ਕੋਲਕਾਤਾ ’ਚ ਕਿਦਰਪੁਰ ਅਤੇ ਦਿੱਲੀ ’ਚ ਟੈਂਕ ਰੋਡ ਹਨ। ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਕਿਹਾ ਕਿ ਨਕਲੀ ਅਤੇ ਪਾਇਰੇਟੇਡ ਸਾਮਾਨਾਂ ਦਾ ਵਿਸ਼ਵ ਵਪਾਰ ਅਮਰੀਕਾ ਨਵੀਨਤਾ ਅਤੇ ਰਚਨਾਤਮਕਤਾ ਨੂੰ ਕਮਜ਼ੋਰ ਕਰਦਾ ਹੈ ਅਤੇ ਅਮਰੀਕੀ ਕਿਰਤੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਵੀ ਸ਼ੁਰੂ ਹੋਇਆ ਭਾਰਤ ਦਾ UPI, ਹੁਣ ਗੁਆਂਢੀ ਦੇਸ਼ ਦੀ ਡਿਜੀਟਲ ਅਰਥਵਿਵਸਥਾ ਵੀ ਹੋਵੇਗੀ ਮਜ਼ਬੂਤ
ਨਕਲੀ ਸਾਮਾਨਾਂ ਦਾ ਕਾਰੋਬਾਰ ਕਰਨ ਵਾਲੀ ਸੂਚੀ ’ਚ ਅਲੀਬਾਬਾ ਅਤੇ ਟੇਨਸੇਂਟ ਸ਼ਾਮਲ
ਅਮਰੀਕਾ ਨੇ ਨਕਲੀ ਸਾਮਾਨਾਂ ਦਾ ਕਾਰੋਬਾਰ ਕਰਨ ਵਾਲੀ ਸੂਚੀ ’ਚ ਚੀਨ ਦੀਆਂ ਦਿੱਗਜ਼ ਕੰਪਨੀਆਂ ਅਲੀਬਾਬਾ ਅਤੇ ਟੇਨਸੇਂਟ ਨੂੰ ਸ਼ਾਮਲ ਕੀਤਾ ਹੈ। ਅਮਰੀਕਾ ਦੀ ਇਸ ਬਦਨਾਮ ਸੂਚੀ ’ਚ ਅਲੀਬਾਬਾ ਅਤੇ ਟੇਨਸੇਂਟ ਵਲੋਂ ਸੰਚਾਲਿਤ 42 ਆਨਲਾਈਨ ਵੈੱਬਸਾਈਟ ਅਤੇ 35 ਸਟੋਰ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਨੇ ਸਾਲ 2006 ਤੋਂ ਬਦਨਾਮ ਬਾਜ਼ਾਰਾਂ ਦੀ ਨਿਸ਼ਾਨਦੇਹੀ ਸ਼ੁਰੂ ਕੀਤੀ ਸੀ। ਅਮਰੀਕਾ ਦੀ ਟ੍ਰੇਡ ਏਜੰਸੀ ਦਾ ਕਹਿਣਾ ਹੈ ਕਿ ਦੋਵੇਂ ਕੰਪਨੀਆਂ ਨਕਲੀ ਸਾਮਾਨ ਦੇ ਕਾਰੋਬਾਰ ’ਚ ਸ਼ਾਮਲ ਹਨ ਜਾਂ ਇਸ ਕਾਰੋਬਾਰ ਨੂੰ ਬੜ੍ਹਾਵਾ ਦੇ ਰਹੀਆਂ ਹਨ। ਇਹ ਕੰਪਨੀਆਂ ਟ੍ਰੇਡਮਾਰਕ ਅਤੇ ਕਾਪੀਰਾਈਟ ਦੀ ਉਲੰਘਣਾ ਕਰ ਰਹੀਆਂ ਹਨ।
ਅਮਰੀਕਾ ਨੇ ਇਸ ਸੂਚੀ ’ਚ ਪਹਿਲੀ ਵਾਰ ਅਲੀ ਐਕਸਪ੍ਰੈੱਸ ਅਤੇ ਵੀ-ਚੈਟ ਈ-ਕਾਮਰਸ ਸਾਈਟ ਨੂੰ ਵੀ ਸ਼ਾਮਲ ਕੀਤਾ ਹੈ। ਅਲੀ ਐਕਸਪ੍ਰੈੱਸ ਅਲੀਬਾਬਾ ਅਤੇ ਵੀ ਚੈਟ ਟੇਨਸੇਂਟ ਵਲੋਂ ਸੰਚਾਲਿਤ ਹੈ।
ਚੀਨ ਆਧਾਰਿਤ ਬਾਇਦੂ ਵੈਂਗਪੈਨ, ਡੀ. ਐੱਚ. ਗੇਟ, ਪਿਨਦੁਓਦੁਓ ਅਤੇ ਤਾਓਬਾਓ ਇਸ ਸੂਚੀ ’ਚ ਹੁਣ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਚੀਨ ਦੇ ਉਹ 9 ਬਾਜ਼ਾਰ ਵੀ ਸੂਚੀ ’ਚ ਸ਼ਾਮਲ ਹਨ ਜੋ ਨਕਲੀ ਸਾਮਾਨਾਂ ਨੂੰ ਬਣਾਉਂਦੇ ਹਨ, ਉਨ੍ਹਾਂ ਨੂੰ ਡਿਸਟ੍ਰੀਬਿਊਟ ਕਰਦੇ ਹਨ ਅਤੇ ਵਿਕਰੀ ਕਰਦੇ ਹਨ। ਟੇਨਸੇਂਟ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਲੇਟਫਾਰਮ ’ਤੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਫੀ ਨਿਵੇਸ਼ ਕੀਤਾ ਹੈ। ਕੰਪਨੀ ਨੇ ਬੀ. ਬੀ. ਸੀ. ਨੂੰ ਕਿਹਾ ਕਿ ਉਹ ਅਮਰੀਕਾ ਦੇ ਇਸ ਫੈਸਲੇ ਨਾਲ ਅਸਹਿਮਤ ਹੈ ਅਤੇ ਉਹ ਇਸ ਮਾਮਲੇ ਦੇ ਹੱਲ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹਨ।
ਇਹ ਵੀ ਪੜ੍ਹੋ : Zomato, Paytm ਨੇ ਡੋਬੇ 77,000 ਕਰੋੜ, ਹੁਣ IPO ਲਿਆਉਣ ਤੋਂ ਡਰ ਰਹੀਆਂ ਹਨ ਇਹ ਕੰਪਨੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।