ਚਾਹ ਬੋਰਡ ਨੇ ਸਰਦੀਆਂ ’ਚ ਉਤਪਾਦਨ ਇਕਾਈਆਂ ਨੂੰ ਬੰਦ ਕਰਨ ਦਾ ਦਿੱਤਾ ਹੁਕਮ, ਜਾਣੋ ਵਜ੍ਹਾ

10/12/2023 10:16:54 AM

ਕੋਲਕਾਤਾ (ਭਾਸ਼ਾ)– ਚਾਹ ਬੋਰਡ ਨੇ ਅਗਲੇ ਸਾਲ ਦੀ ਪਹਿਲੀ ਛਿਮਾਹੀ ਵਿੱਚ ਬਿਹਤਰ ਫ਼ਸਲ ਲਈ ਉੱਤਰ ਭਾਰਤ ਵਿੱਚ ਸਰਦੀਆਂ ’ਚ ਚਾਹ ਉਤਪਾਦਕ ਖੇਤਰਾਂ ’ਚ ਉਤਪਾਦਨ ਇਕਾਈਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਬੋਰਡ ਦੇ ਹੁਕਮ ਮੁਤਾਬਕ ਦਾਰਜਲਿੰਗ, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਰੇ ਚਾਹ ਕਾਰਖਾਨਿਆਂ ਲਈ ਹਰੀਆਂ ਪੱਤੀਆਂ ਤੋੜਨ ਜਾਂ ਲਿਆਉਣ ਦੀ ਆਖਰੀ ਮਿਤੀ 11 ਦਸੰਬਰ ਤੈਅ ਕੀਤੀ ਗਈ ਹੈ। ਉੱਥੇ ਹੀ ਪੱਛਮੀ ਬੰਗਾਲ ਦੇ ਦੁਆਰ ਅਤੇ ਤਰਾਈ ਖੇਤਰ ਅਤੇ ਬਿਹਾਰ ਲਈ ਮਿਤੀ 23 ਦਸੰਬਰ ਹੈ। 

ਇਸ ਤੋਂ ਇਲਾਵਾ ਦਾਰਜਲਿੰਗ, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਕਾਰਖਾਨਿਆਂ ਵਿੱਚ ਹਰੀਆਂ ਪੱਤੀਆਂ ਦੀ ਪ੍ਰੋਸੈਸਿੰਗ ਦੀ ਆਖਰੀ ਮਿਤੀ 13 ਦਸੰਬਰ, ਜਦ ਕਿ ਤਰਾਈ, ਦੁਆਰ ਅਤੇ ਬਿਹਾਰ ਲਈ ਮਿਤੀ 26 ਦਸੰਬਰ ਹੈ। ਆਦੇਸ਼ ਵਿੱਚ ਕਿਹਾ ਗਿਆ ਕਿ ਦਾਰਜਲਿੰਗ, ਸਿੱਕਮ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਲਈ ਛਾਂਟੀ, ਪੈਕਿੰਗ ਅਤੇ ਪੈਕ ਕੀਤੀ ਗਈ ਚਾਹ ਨੂੰ ਨੋਟੀਫਾਈਡ ਸਟੋਰੇਜ਼ ਖੇਤਰਾਂ ’ਚ ਬਿੱਲ ਮਾਰਕਿੰਗ ਦੇ ਨਾਲ ਲਿਜਾਣ ਦੀ ਆਖ਼ਰੀ ਮਿਤੀ 26 ਦਸੰਬਰ ਹੋਵੇਗੀ। ਪੱਛਮੀ ਬੰਗਾਲ ਦੇ ਦੁਆਰ ਅਤੇ ਤਰਾਈ ਖੇਤਰ ਅਤੇ ਬਿਹਾਰ ਵਿੱਚ ਸੀ. ਟੀ. ਸੀ. ਕਿਸਮ ਲਈ 6 ਜਨਵਰੀ 2024 ਅਤੇ ਹਰੀ ਚਾਹ ਦੀਆਂ ਕਿਸਮਾਂ ਲਈ 11 ਜਨਵਰੀ 2024 ਦੀ ਮਿਤੀ ਤੈਅ ਕੀਤੀ ਗਈ ਹੈ। ਚਾਹ ਉਦਯੋਗ ਮੁਤਾਬਕ ‘ਵਿੰਟਰ ਡਾਰਮੈਂਸੀ’ ਕਾਰਨ ਚਾਹ ਬਾਗਾਂ ਨੂੰ ਬੰਦ ਕੀਤਾ ਗਿਆ ਹੈ। ਇਸ ਮਿਆਦ ਵਿੱਚ ਚਾਹ ਦੀਆਂ ਝਾੜੀਆਂ ਵਧਦੀਆਂ ਨਹੀਂ ਹਨ।

ਗੁਡਰਿਕ ਨੂੰ ਇਸ ਵਿੱਤੀ ਸਾਲ ਵਿੱਚ ਮੁਨਾਫੇ ’ਚ ਪਰਤਣ ਦੀ ਉਮੀਦ
ਬ੍ਰਿਟੇਨ ਸਥਿਤ ਕੈਮੇਲੀਆ ਪੀ. ਐੱਲ. ਸੀ. ਦਾ ਇਕ ਹਿੱਸਾ ਚਾਹ ਕੰਪਨੀ ਗੁਡਰਿਕ ਗਰੁੱਪ ਲਿਮਟਿਡ ਇਸ ਵਿੱਤੀ ਸਾਲ ਵਿੱਚ ਮੁਨਾਫੇ ਵਿੱਚ ਪਰਤਣ ਦੀ ਉਮੀਦ ਕਰ ਰਹੀ ਹੈ। ਦਾਰਜਲਿੰਗ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੁਲ ਅਸਥਾਨਾ ਨੇ ਕਿਹਾ ਕਿ ਕੰਪਨੀ ਨੂੰ ਇਸ ਸਾਲ ਚਾਹ ਉਤਪਾਦਨ ਵਿੱਚ ਲਗਭਗ 3.2 ਕਰੋੜ ਕਿਲੋਗ੍ਰਾਮ ਦੇ ਵਾਧੇ ਦੀ ਉਮੀਦ ਹੈ, ਜਿਸ ਵਿੱਚ ਉਸ ਦੀਆਂ ਤਿੰਨ ਸਹਾਇਕ ਕੰਪਨੀਆਂ ਦਾ ਉਤਪਾਦਨ ਵੀ ਸ਼ਾਮਲ ਹੈ। ਹਾਲਾਂਕਿ ਚਾਹ ਦੀਆਂ ਘੱਟ ਕੀਮਤਾਂ ਕਾਰਨ ਚਾਲੂ ਵਿੱਤੀ ਸਾਲ ’ਚ ਮਾਲੀਏ ’ਚ ਕਮੀ ਆਉਣ ਦੀ ਸੰਭਾਵਨਾ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਅਸਥਾਨਾ ਨੇ ਇਕ ਇੰਟਰਵਿਊ ’ਚ ਇਸ ਸਬੰਧੀ ਕਿਹਾ ਕਿ ਗੁਡਰਿਕ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਮਿਲ ਕੇ ਸਾਲਾਨਾ ਕਰੀਬ 3 ਕਰੋੜ ਕਿਲੋਗ੍ਰਾਮ ਦਾ ਉਤਪਾਦਨ ਕਰਦੀਆਂ ਹਨ। ਇਸ ਸਾਲ ਸਥਿਰ ਵਾਧਾ ਹੋਵੇਗਾ, ਕਿਉਂਕਿ ਉਤਪਾਦਨ 3.2 ਕਰੋੜ ਕਿਲੋਗ੍ਰਾਮ ਹੋਣ ਦੀ ਉਮੀਦ ਹੈ। ਪੂਰੇ ਸਮੂਹ ਦਾ ਮਾਲੀਆ ਪਿਛਲੇ ਸਾਲ ਕਰੀਬ 1200 ਕਰੋੜ ਰੁਪਏ ਸੀ ਪਰ ਚਾਲੂ ਵਿੱਤੀ ਸਾਲ ਵਿੱਚ ਕੀਮਤਾਂ ਵਿੱਚ ਘੱਟ ਹੋਣ ਕਾਰਨ ਕਾਰੋਬਾਰ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ।


rajwinder kaur

Content Editor

Related News