ਅਮਰੀਕੀ ਚੋਣਾਂ ਅਤੇ ਵੈਕਸੀਨ ਦੀਆਂ ਖਬਰਾਂ ਨਾਲ ਨਵੰਬਰ ਤੋਂ ਹੁਣ ਤੱਕ ਸੈਂਸੈਕਸ 4200+ ਅੰਕ ਉੱਪਰ ਚੜ੍ਹਿਆ

11/22/2020 9:40:54 AM

ਮੁੰਬਈ (ਇੰਟ.) – ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਅਤੇ ਕੋਰੋਨਾ ਵੈਕਸੀਨ ਦੇ ਸਫਲ ਟ੍ਰਾਇਲ ਦੇ ਚੰਗੇ ਸੰਕੇਤਾਂ ਦਰਮਿਆਨ ਭਾਰਤੀ ਬਾਜ਼ਾਰਾਂ ’ਚ ਸ਼ਾਨਦਾਰ ਤੇਜ਼ੀ ਦਰਜ ਕੀਤੀ ਗਈ। ਬੀ. ਐੱਸ. ਈ. ਸੈਂਸੈਕਸ ਅਤੇ ਨਿਫਟੀ ਦੋਵੇਂ ਇੰਡੈਕਸ ਨੇ ਨਵੇਂ ਸਰਵਉੱਚ ਪੱਧਰ ਨੂੰ ਵੀ ਟਚ ਕੀਤਾ। ਬਾਜ਼ਾਰ ਦੀ ਬੜ੍ਹਤ ਨੂੰ ਬੈਂਕਿੰਗ ਅਤੇ ਫਾਇਨਾਂਸ ਸੈਕਟਰ ਦੇ ਸ਼ੇਅਰਾਂ ਨੇ ਮਜ਼ਬੂਤੀ ਦਿੱਤੀ। ਉਥੇ ਹੀ ਬਾਜ਼ਾਰ ਦੇ ਦਿੱਗਜ਼ ਆਰ. ਆਈ. ਐੱਲ. ਟੀ. ਸੀ. ਐੱਸ. ਅਤੇ ਹੋਰ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ।

ਜਨਵਰੀ ’ਚ ਹੁਣ ਤੱਕ ਦਾ ਸਰਵਉੱਚ ਪੱਧਰ ਬਣ ਚੁੱਕਾ ਬੀ. ਐੱਸ. ਈ. ਸੈਂਸੈਕਸ ਹੁਣ ਉਸ ਰਿਕਾਰਡ ਨੂੰ ਤੋੜ ਕੇ ਹੁਣ ਇਕ ਨਵੀਂ ਉਚਾਈ ’ਤੇ ਕਾਰੋਬਾਰ ਕਰ ਰਿਹਾ ਹੈ। ਨਵੰਬਰ ਮਹੀਨੇ ’ਚ ਰਿਕਾਰਡ ਤੇਜ਼ੀ ਨੂੰ ਅਮਰੀਕੀ ਚੋਣਾਂ ’ਚ ਜੋ ਬਿਡੇਨ ਦੀ ਜਿੱਤ ਅਤੇ ਮਹਾਮਾਰੀ ਲਈ ਫਾਈਜਰ ਅਤੇ ਮਾਡਰਨਾ ਵਲੋਂ ਸਫਲ ਵੈਕਸੀਨ ਟ੍ਰਾਇਲ ਦੀਆਂ ਖਬਰਾਂ ਨੇ ਮਜ਼ਬੂਤੀ ਦਿੱਤੀ। ਨਾਲ ਹੀ ਨਾਲ ਮਜ਼ਬੂਤ ਤਿਮਾਹੀ ਨਤੀਜਿਆਂ ਅਤੇ ਭਾਰੀ ਵਿਦੇਸ਼ੀ ਨਿਵੇਸ਼ ਨਾਲ ਵੀ ਬਾਜ਼ਾਰ ਨੂੰ ਸਹਾਰਾ ਮਿਲਿਆ।

ਬਾਜ਼ਾਰ ’ਚ ਰਿਕਾਰਡ ਬੜ੍ਹਤ

30 ਅਕਤੂਬਰ ਨੂੰ ਸੈਂਸੈਕਸ 39,614 ਅਤੇ ਨਿਫਟੀ 11,642 ’ਤੇ ਬੰਦ ਹੋਇਆ ਸੀ। ਉਥੇ ਹੀ 20 ਨਵੰਬਰ ਨੂੰ ਸੈਂਸੈਕਸ 10.77 ਫੀਸਦੀ ਦੀ ਬੜ੍ਹਤ ਨਾਲ 43,882 ’ਤੇ ਨਿਫਟੀ 10.45 ਫੀਸਦੀ ਉੱਪਰ 12,859 ’ਤੇ ਬੰਦ ਹੋਇਆ ਸੀ। ਇਸ ਦੌਰਾਨ ਬੀ. ਐੱਸ. ਈ. ’ਚ ਲਿਸਟਡ ਕੰਪਨੀਆਂ ਦਾ ਮਾਰਕੀਟ ਕੈਪ ਵੀ 13.81 ਲੱਖ ਕਰੋੜ ਰੁਪਏ ਵਧ ਕੇ 171.71 ਲੱਖ ਕਰੋੜ ਹੋ ਗਿਆ ਹੈ। ਹਾਲਾਂਕਿ 18 ਨਵੰਬਰ ਨੂੰ ਸੈਂਸੈਕਸ 44,180 ’ਤੇ ਅਤੇ ਨਿਫਟੀ 12,938 ’ਤੇ ਬੰਦ ਹੋਏ ਸਨ, ਜੋ ਦੋਹਾਂ ਇੰਡੈਕਸ ਦਾ ਸਰਵਉੱਚ ਪੱਧਰ ਹੈ।

ਬੈਂਕਿੰਗ ਸ਼ੇਅਰਾਂ ’ਚ ਤੇਜ਼ੀ

ਬਾਜ਼ਾਰ ਦੀ ਤੇਜ਼ੀ ਨੂੰ ਬੈਂਕਿੰਗ ਅਤੇ ਫਾਇਨਾਂਸ਼ੀਅਲ ਸ਼ੇਅਰਾਂ ਨੇ ਮਜ਼ਬੂਤੀ ਦਿੱਤੀ। ਨਵੰਬਰ ਦੇ ਹੁਣ ਤੱਕ ਦੇ 14 ਕਾਰੋਬਾਰੀ ਦਿਨਾਂ ’ਚ ਨਿਫਟੀ ਬੈਂਕ ਇੰਡੈਕਸ 5336 ਅੰਕ (22.32 ਫੀਸਦੀ) ਵਧਿਆ ਹੈ। 30 ਅਕਤੂਬਰ ਨੂੰ ਇਹ ਇੰਡੈਕਸ 23,900 ’ਤੇ ਬੰਦ ਹੋਇਆ ਸੀ, ਜੋ 20 ਨਵੰਬਰ ਨੂੰ 29,236 ਅੰਕਾਂ ’ਤੇ ਬੰਦ ਹੋਇਆ ਹੈ। ਇਸ ’ਚ ਕੋਟਕ ਬੈਂਕ ਦੇ ਸ਼ੇਅਰ ਨੇ ਨਿਵੇਸ਼ਕਾਂ ਨੂੰ 22 ਫੀਸਦੀ ਦਾ ਰਿਟਰਨ ਦਿੱਤਾ ਹੈ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ ਨੇ 18.59 ਫੀਸਦੀ ਅਤੇ ਐੱਸ. ਬੀ. ਆਈ. ਦੇ ਸ਼ੇਅਰ ਨੇ 28 ਦਾ ਰਿਟਰਨ ਦਿੱਤਾ ਹੈ।

ਦਿੱਗਜ਼ ਸ਼ੇਅਰਾਂ ਨੇ ਕੀਤਾ ਨਿਰਾਸ਼

ਬਾਜ਼ਾਰ ਦੀ ਦਿੱਗਜ਼ ਰਿਲਾਇੰਸ ਇੰਡਸਟਰ੍ਰੀਜ਼ ਦਾ ਪ੍ਰਦਰਸ਼ਨ ਨਿਰਾਸ਼ ਕਰਨ ਵਾਲਾ ਰਿਹਾ। ਸ਼ੁੱਕਰਵਾਰ ਨੂੰ ਕੰਪਨੀ ਦਾ ਸ਼ੇਅਰ 1899 ਰੁਪਏ ਦੇ ਭਾਅ ’ਤੇ ਬੰਦ ਹੋਇਆ ਜੋ 30 ਅਕਤੂਬਰ ਨੂੰ 2,054 ਰੁਪਏ ’ਤੇ ਬੰਦ ਹੋਇਆ ਸੀ। ਯਾਨੀ ਨਿਵੇਸ਼ਕਾਂ ਨੂੰ ਇਸ ਦੌਰਾਨ ਪ੍ਰਤੀ ਸ਼ੇਅਰ 155 ਰੁਪਏ ਨੁਕਸਾਨ ਹੋਇਆ। ਟੀ. ਸੀ. ਐੱਸ. ਦਾ ਸ਼ੇਅਰ ਵੀ ਨਿਵੇਸ਼ਕਾਂ ਨੂੰ ਬਿਹਤਰ ਰਿਟਰਨ ਦੇਣ ’ਚ ਅਸਫਲ ਰਿਹਾ। ਆਈ. ਟੀ. ਸੈਕਟਰ ਦੇ ਹੋਰ ਸ਼ੇਅਰਾਂ ਨੇ ਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ।

ਅੱਗ ਵੀ ਤੇਜ਼ੀ ਦੀ ਉਮੀਦ

ਬਾਜ਼ਾਰ ਦੀ ਤੇਜ਼ੀ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿਣ ਦਾ ਅਨੁਮਾਨ ਹੈ। ਅਮਰੀਕੀ ਇਨਵੈਸਟਮੈਂਟ ਬੈਂਕ ਮਾਰਗਨ ਸਟੈਨਲੀ ਨੇ ਸੈਂਸੈਕਸ ਲਈ 50 ਹਜ਼ਾਰ ਦਾ ਟੀਚਾ ਦਿੱਤਾ। ਇਹ ਦਸੰਬਰ 2021 ਤੱਕ ਇਸ ਪੱਧਰ ’ਤੇ ਪਹੁੰਚ ਸਕਦਾ ਹੈ। ਬੁਲ ਸਿਨੇਰੀਓ ਯਾਨੀ ਤੇਜ਼ੀ ਦੇ ਲਿਹਾਜ ਨਾਲ ਫਰਮ ਨੇ ਇੰਡੈਕਸ ’ਤੇ 30 ਫੀਸਦੀ ਦੀ ਬੜ੍ਹਤ ਦਾ ਅਨੁਮਾਨ ਦਿੱਤਾ ਹੈ। ਯਾਨੀ ਸੈਂਸੈਕਸ 59 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਬੈਂਕ ਨੂੰ 2021 ਦੇ ਦੌਰਾਨ ਲਾਰਜ ਕੈਪ ਦੇ ਸ਼ੇਅਰਾਂ ’ਚ ਪ੍ਰਦਰਸ਼ਨ ਦੀ ਬਿਹਤਰ ਉਮੀਦ ਹੈ।


Harinder Kaur

Content Editor

Related News