ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 1,000 ਦੇ ਪਾਰ

Thursday, Nov 22, 2018 - 04:03 PM (IST)

ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 1,000 ਦੇ ਪਾਰ

ਨਵੀਂ ਦਿੱਲੀ — ਦੇਸ਼ ਦੀ ਜਨਤਾ 'ਤੇ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆਉਣ ਵਾਲੀ ਹੈ। ਕਰਨਾਟਕ ਦੇ ਕਰੀਬ ਸਾਰੇ ਇਲਾਕਿਆਂ ਵਿਚ ਬਿਨਾਂ ਸਬਸਿਡੀ ਵਾਲੇ ਘਰੇਲੂ ਸਿਲੰਡਰ(14.2 ਕਿਲੋ) ਦੀ ਕੀਮਤ 1,000 ਰੁਪਏ ਦੇ ਆਸ-ਪਾਸ ਪਹੁੰਚ ਗਈ ਹੈ। ਬਿਦਰ ਵਿਚ ਇਕ ਸਿਲੰਡਰ 1015.50 ਰੁਪਏ 'ਚ ਵੇਚਿਆ ਜਾ ਰਿਹਾ ਹੈ। ਬੈਂਗਲੁਰੂ 'ਚ ਬਿਨਾਂ ਸਬਸਿਡੀ ਵਾਲਾ ਘਰੇਲੂ ਸਿਲੰਡਰ 941 ਰੁਪਏ 'ਚ ਮਿਲ ਰਿਹਾ ਹੈ। ਮੰਗਲੁਰੂ 'ਚ ਸਿਲੰਡਰ 921 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੁਬਲੀ 'ਚ 962 ਰੁਪਏ ਅਤੇ ਬੇਲਾਗਵੀ 'ਚ 956 ਰੁਪਏ 'ਚ ਇਕ ਸਿਲੰਡਰ ਮਿਲ ਰਿਹਾ ਹੈ। ਜਦੋਂਕਿ ਇਸ ਸਾਲ ਅਪ੍ਰੈਲ ਮਹੀਨੇ 'ਚ ਬਿਨਾਂ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਬੈਂਗਲੁਰੂ 'ਚ 654 ਰੁਪਏ, ਮੰਗਲੁਰੂ 'ਚ 630 ਰੁਪਏ, ਹੁਬਲੀ 'ਚ 670 ਰੁਪਏ ਅਤੇ ਬੇਲਾਗਵੀ 'ਚ 666 ਰੁਪਏ ਸੀ। ਬਿਹਾਰ 'ਚ ਉਸ ਸਮੇਂ ਇਹ ਕੀਮਤ 721 ਰੁਪਏ ਸੀ।

ਟੈਕਸ ਅਤੇ ਡਿਊਟੀ ਸਮੇਤ ਆਧਾਰ ਮੁੱਲ ਤੋਂ ਇਲਾਵਾ ਬਾਟਲਿੰਗ ਪਲਾਂਟ ਤੋਂ ਦੂਰੀ ਦੇ ਅਧਾਰ 'ਤੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵੱਖ ਹੁੰਦੀ ਹੈ। ਬਿਦਰ 'ਚ ਐੱਲ.ਪੀ.ਜੀ. ਸਪਲਾਈ ਬੇਲਾਗਵੀ ਬਾਟਲਿੰਗ ਪਲਾਂਟ ਜ਼ਰੀਏ ਹੁੰਦੀ ਹੈ। ਪਬਲਿਕ ਸੈਕਟਰ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ ਵਲੋਂ ਪੂਰੇ ਸੂਬੇ 'ਚ ਅਜਿਹੇ 11 ਪਲਾਂਟ ਸਥਾਪਤ ਕੀਤੇ ਗਏ ਹਨ। ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਇਹ ਵਾਧਾ ਉਸ ਸਮੇਂ ਹੋਇਆ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 7.50 ਰੁਪਏ ਅਤੇ 4 ਰੁਪਏ ਦੀ ਕਮੀ ਕੀਤੀ ਗਈ। ਜ਼ਿਕਰਯੋਗ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਰੋਜ਼ਾਨਾ ਦੇ ਆਧਾਰ 'ਤੇ ਨਹੀਂ ਸਗੋਂ ਮਹੀਨਾਵਾਰ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਪੈਟਰੋਲੀਅਮ ਮੰਤਰਾਲੇ ਨੇ ਸਾਲ 2015 'ਚ ਡੀ.ਬੀ.ਟੀ. ਸਕੀਮ ਲਾਗੂ ਕੀਤੀ ਸੀ। ਇਸ ਸਕੀਮ ਦੇ ਤਹਿਤ ਉਪਭੋਗਤਾਵਾਂ ਨੂੰ ਹੁਣ ਗੈਸ ਖਰੀਦਣ ਸਮੇਂ ਪੂਰੇ ਪੈਸੇ ਦੇਣੇ ਹੁੰਦੇ ਹਨ। ਬਾਅਦ ਵਿਚ ਉਨ੍ਹਾਂ ਦੇ ਖਾਤੇ ਵਿਚ ਸਬਸਿਡੀ ਦੇ ਪੈਸੇ ਜਮ੍ਹਾ ਹੁੰਦੇ ਹਨ। ਤਿੰਨ ਸਾਲ ਪਹਿਲਾਂ ਕਰੀਬ 350 ਰੁਪਏ 'ਚ ਮਿਲਣ ਵਾਲੇ ਗੈਸ ਸਿਲੰਡਰ ਦੀ ਕੀਮਤ ਹੁਣ 1000 ਰੁਪਏ ਤੱਕ ਪਹੁੰਚ ਚੁੱਕੀ ਹੈ। ਹਾਲਾਂਕਿ ਸਬਸਿਡੀ ਦੀ ਰਕਮ ਵੀ ਗੈਸ ਸਿਲੰਡਰ ਦੀ ਕੀਮਤ ਵਧਣ ਨਾਲ ਵਧਦੀ ਜਾਂਦੀ ਹੈ। ਪਰ ਹੁਣ ਸਰਕਾਰ ਦੀ ਯੋਜਨਾ ਘਰੇਲੂ ਗੈਸ ਸਬਸਿਡੀ ਖਤਮ ਕਰਨ ਦੀ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਮਰੱਥ ਪਰਿਵਾਰਾਂ ਨੂੰ ਗੈਸ ਸਬਸਿਡੀ ਛੱਡਣ ਲਈ ਬੇਨਤੀ ਕੀਤੀ ਸੀ। ਹਾਲਾਂਕਿ ਆਨ ਲਾਈਨ ਬੁਕਿੰਗ 'ਚ ਹੋਣ ਵਾਲੇ ਬਦਲਾਅ ਕਾਰਨ ਕਦੇ ਗਲਤ ਬਟਨ ਦੱਬ ਜਾਣ ਕਾਰਨ ਉਪਭੋਗਤਾਵਾਂ ਨੂੰ ਮਿਲਣ ਵਾਲੀ ਸਬਸਿਡੀ ਬੰਦ ਹੋ ਜਾਂਦੀ ਹੈ। ਅਜਿਹੇ 'ਚ ਮਹਿੰਗਾਈ ਦੀ ਮਾਰ ਉਨ੍ਹਾਂ ਉਪਭੋਗਤਾਵਾਂ 'ਤੇ ਪੈ ਰਹੀ ਹੈ ਜਿਨ੍ਹਾਂ ਨੂੰ ਬਿਨਾਂ ਸਬਸਿਡੀ ਵਾਲਾ ਸਿਲੰਡਰ ਖਰੀਦਣਾ ਪੈ ਰਿਹਾ ਹੈ।


Related News