Gold-silver ਦੀਆਂ ਕੀਮਤਾਂ ''ਚ ਗਿਰਾਵਟ ਤੋਂ ਬਾਅਦ ਦੁਕਾਨਾਂ ''ਤੇ ਵਧੀ ਖ਼ਰੀਦਦਾਰਾਂ ਦੀ ਭੀੜ, ਕਾਰੀਗਰਾਂ ਦੀ ਛੁੱਟੀ ਰੱਦ

Friday, Jul 26, 2024 - 06:31 PM (IST)

ਨਵੀਂ ਦਿੱਲੀ (ਇੰਟ.) - ਸਰਕਾਰ ਨੇ ਬਜਟ ’ਚ ਅਜਿਹਾ ਇਕ ਪ੍ਰਸਤਾਵ ਕਰ ਦਿੱਤਾ, ਜਿਸ ਨਾਲ ਦੇਸ਼ ਭਰ ’ਚ ਸੋਨੇ-ਚਾਂਦੀ ਦੀਆਂ ਦੁਕਾਨਾਂ ’ਤੇ ਬੇ-ਮੌਸਮ ਦੀ ਭੀੜ ਉਮੜ ਪਈ ਹੈ। ਜੀ ਹਾਂ, ਸਰਕਾਰ ਨੇ ਬਜਟ 2024 ’ਚ ਇਕ ਪ੍ਰਸਤਾਵ ਜ਼ਰੀਏ ਸੋਨੇ ਅਤੇ ਚਾਂਦੀ ’ਤੇ ਕਸਟਮ ਡਿਊਟੀ ’ਚ 6 ਫੀਸਦੀ ਦੀ ਤਗੜੀ ਕਟੌਤੀ ਕਰ ਦਿੱਤੀ ਹੈ। ਇਸ ਤੋਂ ਬਾਅਦ ਜਿਊਲਰੀ ਸਟੋਰਸ ’ਚ ਗਾਹਕਾਂ ਦੀ ਭੀੜ ਉਮੜ ਪਈ ਹੈ।

ਹਾਲਤ ਇਹ ਹੋ ਗਈ ਹੈ ਸਵੇਰੇ ਦੁਕਾਨ ਖੁੱਲ੍ਹਣ ਤੋਂ ਲੈ ਕੇ ਰਾਤ ’ਚ ਦੁਕਾਨ ਸਮੇਟਣ ਤੱਕ ਗਾਹਕਾਂ ਦਾ ਤਾਂਤਾ ਲੱਗਾ ਹੋਇਆ ਹੈ। ਜਿਊਲਰਸ ਆਪਣੇ ਕਾਰੀਗਰਾਂ ਦੀ ਛੁੱਟੀ ਕੈਂਸਲ ਕਰ ਕੇ ਥੋਕ ਭਾਅ ’ਚ ਨਵੇਂ ਗਹਿਣੇ ਬਣਵਾ ਰਹੇ ਹਨ।

ਇਸ ਸਮੇਂ ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਇਸ ਤੋਂ ਬਾਅਦ ਭਾਦੋ ਆਵੇਗਾ। ਭਾਰਤ ’ਚ ਆਮ ਤੌਰ ’ਤੇ ਸਾਉਣ-ਭਾਦੋ ’ਚ ਵਿਆਹ ਜਾਂ ਕੋਈ ਮੰਗਲ ਕਾਰਜ ਨਹੀਂ ਹੁੰਦੇ। ਇਹ 2 ਮਹੀਨੇ ਬੀਤਣ ਤੋਂ ਬਾਅਦ ਤਿਉਹਾਰੀ ਮੌਸਮ ਵੀ ਸ਼ੁਰੂ ਹੋਵੇਗਾ ਅਤੇ ਵਿਆਹ ਦਾ ਮੌਸਮ ਵੀ ਪਰ ਲੋਕ ਹੁਣੇ ਤੋਂ ਹੀ ਇਸ ਦੀ ਖਰੀਦਦਾਰੀ ਕਰਨ ਲੱਗੇ ਹਨ।

ਦਰਅਸਲ, ਬਜਟ ’ਚ ਸੋਨੇ ਦੀ ਇੰਪੋਰਟ ਡਿਊਟੀ ’ਚ ਕਟੌਤੀ ਤੋਂ ਬਾਅਦ ਸੋਨਾ ਪ੍ਰਤੀ 10 ਗ੍ਰਾਮ 4000 ਰੁਪਏ ਸਸਤਾ ਹੋ ਗਿਆ ਹੈ। ਚਾਂਦੀ ਵੀ ਪ੍ਰਤੀ ਕਿਲੋ ਕਰੀਬ 5000 ਰੁਪਏ ਸਸਤੀ ਹੋਈ ਹੈ। ਲੋਕਾਂ ਨੂੰ ਲੱਗ ਰਿਹਾ ਹੈ ਕਿ 2 ਮਹੀਨੇ ਬਾਅਦ ਕਿਤੇ ਫਿਰ ਸੋਨੇ-ਚਾਂਦੀ ਦੀ ਕੀਮਤ ਨਾ ਵੱਧ ਜਾਵੇ, ਇਸ ਲਈ ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੋਨੇ ਦੀ ਖਰੀਦਦਾਰੀ ’ਚ ਤੇਜ਼ੀ ਆਈ ਹੈ।

ਜਿਊਲਰਸ ਦਾ ਮੰਨਣਾ ਹੈ ਕਿ ਮੰਗ ’ਚ ਅਚਾਨਕ ਆਈ ਤੇਜ਼ੀ ਨਾਲ ਸਰਕਾਰ ਫਿਰ ਤੋਂ ਡਿਊਟੀ ਵਧਾ ਸਕਦੀ ਹੈ, ਇਸ ਡਰ ਨਾਲ ਲੋਕ ਜਲਦੀ ਨਾਲ ਖਰੀਦਦਾਰੀ ਕਰ ਰਹੇ ਹਨ। ਤਾਂ ਹੀ ਤਾਂ ਬਜਟ ਪੇਸ਼ ਹੋਣ ਤੋਂ ਬਾਅਦ ਮੰਗਲਵਾਰ ਸ਼ਾਮ ਤੋਂ ਹੀ ਬੁਲੀਅਨ ਮਾਰਕੀਟ ’ਚ ਗਾਹਕਾਂ ਦਾ ਜਿਊਲਰੀ ਸਟੋਰਸ ’ਤੇ ਤਾਂਤਾ ਲੱਗਾ ਹੋਇਆ ਹੈ।

20 ਫੀਸਦੀ ਵੱਧ ਗਈ ਹੈ ਵਿਕਰੀ

ਪਿਛਲੇ 6 ਮਹੀਨਿਆਂ ਤੋਂ ਸੋਨੇ ਦੀਆਂ ਰਿਕਾਰਡ ਕੀਮਤਾਂ ਕਾਰਨ 74,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪੁੱਜਣ ਕਾਰਨ ਲੋਕਾਂ ਦੇ ਬਜਟ ਤੋਂ ਬਾਹਰ ਸੀ। ਹੁਣ ਡਿਊਟੀ ’ਚ ਕਟੌਤੀ ਤੋਂ ਬਾਅਦ ਤੋਂ ਰੋਜ਼ਾਨਾ ਮੰਗ ’ਚ 20 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ। ਉਤਸ਼ਾਹਿਤ ਜਿਊਲਰਸ ਗਾਹਕਾਂ ਨੂੰ ਸੁਨੇਹਾ ਭੇਜ ਰਹੇ ਹਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਕੀਮਤਾਂ ’ਚ ਬਦਲਾਅ ਬਾਰੇ ਜਾਗਰੂਕ ਕਰ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਗਾਹਕ ਅਾਉਣ ਵਾਲੇ ਨਵੰਬਰ ਅਤੇ ਦਸੰਬਰ ’ਚ ਹੋਣ ਵਾਲੀਆਂ ਸ਼ਾਦੀਆਂ ਲਈ ਭਾਰੀ ਜਿਊਲਰੀ ਦੇ ਆਰਡਰ ਦੇ ਰਹੇ ਹਨ। ਕੁੱਝ ਲੋਕ ਅਾਉਣ ਵਾਲੇ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰਾਂ ਲਈ ਆਰਡਰ ਦੇ ਰਹੇ ਹਨ। ਡਿਊਟੀ ’ਚ ਕਟੌਤੀ ਤੋਂ ਬਾਅਦ ਜਿਊਲਰਸ ਸੋਨੇ ਲਈ ਐਡਵਾਂਸ ਬੁਕਿੰਗ ਸਕੀਮ ਵੀ ਲੈ ਕੇ ਆਏ ਹਨ।

ਕਾਰੀਗਰਾਂ ਦੀ ਛੁੱਟੀ ਰੱਦ

ਦੁਕਾਨਾਂ ’ਚ ਵਿਕਰੀ ਵਧਣ ਨਾਲ ਹੀ ਜਿਊਲਰਸ ਨੇ ਕਾਰੀਗਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਜਿਊਲਰਸ ਨੂੰ ਉਮੀਦ ਹੈ ਕਿ ਇਸ ਤਿਉਹਾਰੀ ਸੀਜ਼ਨ ’ਚ ਵੀ ਇਹ ਤੇਜ਼ੀ ਬਣੀ ਰਹੇਗੀ। ਭਾਰਤ ਜਿਊਲਰੀ ਅਤੇ ਸਿੱਕੇ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਲੱਗਭਗ ਸਾਰੇ ਸੋਨੇ ਦੀ ਦਰਾਮਦ ਕਰਦਾ ਹੈ।

ਮੁੰਬਈ ਦੇ ਜਿਊਲਰੀ ਹੱਬ ਜਵੇਰੀ ਬਾਜ਼ਾਰ ਦੇ ਇਕ ਰਿਟੇਲਰ ਉਮੇਦਮਲ ਤਿਲੋਕਚੰਦ ਜਾਵੇਰੀ ਦੇ ਮਾਲਿਕ ਕੁਮਾਰ ਜੈਨ ਨੇ ਕਿਹਾ,‘‘ਮੰਗ ’ਚ ਅਚਾਨਕ ਆਈ ਤੇਜ਼ੀ ਨੂੰ ਪੂਰਾ ਕਰਨ ਲਈ ਅਸੀਂ ਆਪਣੇ ਕਾਰੀਗਰਾਂ ਦੀਆਂ ਅਗਲੇ 7 ਦਿਨਾਂ ਲਈ ਛੁੱਟੀਆਂ ਰੱਦ ਕਰ ਦਿੱਤੀਆਂ ਹਨ।


Harinder Kaur

Content Editor

Related News