ਚੀਨ ’ਚ ਤੇਜ਼ੀ ਨਾਲ ਘੱਟ ਰਹੀ ਅਰਬਪਤੀਆਂ ਦੀ ਗਿਣਤੀ, ਅਮੀਰਾਂ ਦੀ ਲਗਾਤਾਰ ਘੱਟ ਹੋ ਰਹੀ ਦੌਲਤ
Saturday, Nov 02, 2024 - 10:19 AM (IST)
ਜਲੰਧਰ (ਇੰਟ.) - ਚੀਨ ’ਚ ਜਾਰੀ ਆਰਥਿਕ ਚੁਣੌਤੀਆਂ ਦਾ ਅਸਰ ਫਿਲਹਾਲ ਉਸ ਦੇ ਅਮੀਰਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਅਰਬਪਤੀਆਂ ਦੀ ਗਿਣਤੀ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰੀ ਕਮੀ ਆਈ ਹੈ। ਹਾਲਾਂਕਿ ਉਹ ਅਜੇ ਵੀ ਗਲੋਬਲ ਰੈਂਕਿੰਗ ’ਚ ਟਾਪ ’ਤੇ ਬਣਿਆ ਹੋਇਆ ਹੈ।
ਹੁਰੂਨ ਦੀ ਲੇਟੈਸਟ ਰਿਪੋਰਟ ਅਨੁਸਾਰ, 2021 ਤੋਂ ਚੀਨ ’ਚ ਅਰਬਪਤੀਆਂ ਦੀ ਗਿਣਤੀ ਲੱਗਭਗ ਇਕ ਤਿਹਾਈ ਤੋਂ ਜ਼ਿਆਦਾ ਘਟੀ ਹੈ। 2021 ’ਚ ਚੀਨ ’ਚ ਅਰਬਪਤੀਆਂ ਦੀ ਕੁਲ ਗਿਣਤੀ 1,185 ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਰਹੀ ਹੈ। ਲਗਾਤਾਰ 3 ਸਾਲਾਂ ਤੋਂ ਚੀਨ ’ਚ ਅਰਬਪਤੀਆਂ ਦੀ ਗਿਣਤੀ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਬਾਈਟਡਾਂਸ ਦੇ ਮਾਲਕ ਸਭ ਤੋਂ ਜ਼ਿਆਦਾ ਅਮੀਰ
ਹੁਰੂਨ ਰਿਪੋਰਟ ਦੇ ਚੇਅਰਮੈਨ ਅਤੇ ਮੁੱਖ ਖੋਜਕਰਤਾ ਰੂਪਰਟ ਹੂਗੇਵੇਰਫ ਨੇ ਕਿਹਾ ਹੈ ਕਿ ਲਗਾਤਾਰ ਤੀਜੇ ਸਾਲ ‘ਹੁਰੂਨ ਚਾਈਨਾ ਰਿਚ ਲਿਸਟ’ ’ਚ ਬੇਮਿਸਾਲ ਗਿਰਾਵਟ ਆਈ ਹੈ ਕਿਉਂਕਿ ਚੀਨ ਦੀ ਅਰਥਵਿਵਸਥਾ ਅਤੇ ਸ਼ੇਅਰ ਬਾਜ਼ਾਰਾਂ ਲਈ ਇਹ ਸਾਲ ਕਾਫੀ ਮੁਸ਼ਕਲਾਂ ਭਰਿਆ ਰਿਹਾ ਹੈ। ਹੁਰੂਨ ਅਨੁਸਾਰ ਬਾਈਟਡਾਂਸ ਦੇ ਝਾਂਗ 49.3 ਅਰਬ ਡਾਲਰ ਦੀ ਕੁਲ ਜਾਇਦਾਦ ਨਾਲ ਇਸ ਸਾਲ ਪਹਿਲੀ ਵਾਰ ਸੂਚੀ ’ਚ ਟਾਪ ’ਤੇ ਹਨ।
ਬਾਈਟਡਾਂਸ ਲੋਕਪ੍ਰਿਅ ਸ਼ਾਰਟ-ਵੀਡੀਓ ਪਲੇਟਫਾਰਮ ਡਾਈਨ ਅਤੇ ਟਿਕਟਾਕ ਦੀ ਮੂਲ ਕੰਪਨੀ ਹੈ। ਇਸ ਨੇ ਪਿਛਲੇ ਸਾਲ ਆਪਣਾ ਮਾਲੀਆ 110 ਅਰਬ ਅਮਰੀਕੀ ਡਾਲਰ ਤੱਕ ਵਧਾਇਆ। ਉਹ ਹੁਰੂਨ ਦੀ ਸੂਚੀ ’ਚ ਥਾਂ ਬਣਾਉਣ ਵਾਲੇ 1980 ਦੇ ਦਹਾਕੇ ’ਚ ਜੰਮੇ ਪਹਿਲੇ ਵਿਅਕਤੀ ਵੀ ਹਨ।
ਲਿਸਟ ’ਚ ਸ਼ਾਮਲ ਹੋਏ ਸਿਰਫ 54 ਨਾਂ
ਇਸ ਸਾਲ ਚੀਨ ਦੀ ਅਮੀਰਾਂ ਦੀ ਸੂਚੀ ’ਚ ਸਿਰਫ 54 ਨਵੇਂ ਨਾਂ ਸ਼ਾਮਲ ਹੋਏ, ਜੋ ਪਿਛਲੇ 2 ਦਹਾਕਿਆਂ ’ਚ ਸਭ ਤੋਂ ਘੱਟ ਹਨ। ਨਵੇਂ ਨਾਵਾਂ ’ਚ ਚਾਰਲਵਿਨ ਮਾਓ ਅਤੇ ਮਿਰਾਂਡਾ ਕਿਊ ਫੈਂਗ ਸ਼ਾਮਲ ਹਨ, ਜੋ ਨੌਜਵਾਨ ਯੂਜ਼ਰਜ਼ ’ਚ ਲੋਕਪ੍ਰਿਅ ਸੋਸ਼ਲ ਮੀਡੀਆ ਅਤੇ ਲਾਈਫਸਟਾਈਲ ਮੰਚ ਜਿਆਓਹੋਂਗਸ਼ੂ ਦੇ ਸੰਸਥਾਪਕ ਹਨ।
ਕੋਵਿਡ-19 ਕੌਮਾਂਤਰੀ ਮਹਾਮਾਰੀ ਦੀ ਵਜ੍ਹਾ ਨਾਲ ਚੀਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਰੀਅਲ ਅਸਟੇਟ ਸੰਕਟ ਜਾਂ ਉਤਰਾਅ-ਚੜ੍ਹਾਅ ਵਾਲੇ ਸ਼ੇਅਰ ਬਾਜ਼ਾਰ ਦੀ ਵਜ੍ਹਾ ਨਾਲ ਅਰਥਵਿਵਸਥਾ ’ਤੇ ਅਸਰ ਪਿਆ। ਨੀਤੀ-ਨਿਰਮਾਤਾਵਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਖਪਤ ਅਤੇ ਖਰਚ ਨੂੰ ਬੜ੍ਹਾਵਾ ਦੇਣ ਲਈ ਵੱਡੇ ਉਤਸ਼ਾਹ ਉਪਰਾਲਿਆਂ ਦਾ ਐਲਾਨ ਕਰਨਗੇ, ਜਿਨ੍ਹਾਂ ’ਚ ਹਾਲ ਦੇ ਮਹੀਨਿਆਂ ’ਚ ਗਿਰਾਵਟ ਆਈ ਹੈ।
ਬੋਤਲਬੰਦ ਪਾਣੀ ਦੇ ਕਾਰੋਬਾਰੀ ਦੂਜੇ ਨੰਬਰ ’ਤੇ
ਬੋਤਲਬੰਦ ਪਾਣੀ ‘ਨੋਂਗਫੂ ਸਪ੍ਰਿੰਗ’ ਦੇ ਦਿੱਗਜ ਝੋਂਗ ਸ਼ਾਨਸ਼ਾਨ 2024 ’ਚ 47.9 ਅਰਬ ਅਮਰੀਕੀ ਡਾਲਰ ਦੇ ਨਾਲ ਦੂਜੇ ਸਥਾਨ ’ਤੇ ਖਿਸਕ ਗਏ। ਫਰਵਰੀ ’ਚ ਉਨ੍ਹਾਂ ਦੇ ਬ੍ਰਾਂਡ ‘ਨੋਂਗਫੂ ਸਪ੍ਰਿੰਗ’ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ।ਖਪਤਕਾਰਾਂ ਨੇ ਇਸ ਦੀ ਬੋਤਲ ਦੇ ਡਿਜ਼ਾਈਨ ਲਈ ਉਸ ’ਤੇ ਚੀਨ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਸੀ। ਇਸ ਨਾਲ ‘ਨੋਂਗਫੂ ਸਪ੍ਰਿੰਗ’ ਦੇ ਬਾਜ਼ਾਰ ਮੁਲਾਂਕਣ ’ਚ ਅਰਬਾਂ ਦਾ ਨੁਕਸਾਨ ਹੋਇਆ । ਸੂਚੀ ’ਚ ਤੀਜੇ ਸਥਾਨ ’ਤੇ ਟੇਨਸੇਂਟ ਦੇ ਸੰਸਥਾਪਕ ਪੋਨੀ ਮਾ ਹਨ, ਜਿਨ੍ਹਾਂ ਦੀ ਕੁਲ ਜਾਇਦਾਦ 44.4 ਅਰਬ ਅਮਰੀਕੀ ਡਾਲਰ ਹੈ। ਇਸ ਗੇਮਿੰਗ ਕੰਪਨੀ ਨੇ ਆਪਣੇ ਮਾਲੀਆ ’ਚ ਵਾਧਾ ਕੀਤਾ ਹੈ।