ਮੋਦੀ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ, ਇਨਕਮ ਟੈਕਸ ਅਧਿਕਾਰੀਆਂ ’ਤੇ ਲਾਈ ਲਗਾਮ

09/11/2019 5:52:49 PM

ਅਹਿਮਦਾਬਾਦ — ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਦੱਸਿਆ ਕਿ 2 ਅਕਤਬੂਰ 2019 ਤੋਂ ਆਮਦਨ ਟੈਕਸ ਅਧਿਕਾਰੀ ਕਿਸੇ ਵੀ ਵਿਅਕਤੀ ਨੂੰ ਸਿੱਧੇ ਟੈਕਸ ਸਬੰਧੀ ਨੋਟਿਸ ਨਹੀਂ ਭੇਜ ਸਕਣਗੇ। ਇਕ ਸੰਮੇਲਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀ ਸ਼ੰਕਰ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨਾਂ ਦੀਆਂ ਉਪਲੱਬਧੀਆਂ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਬਹੁਤ ਹੀ ਮਹੱਤਵਪੂਰਣ ਫੈਸਲਾ ਲਿਆ ਹੈ ਕਿ 2 ਅਕਤੂਬਰ ਤੋਂ ਕੋਈ ਵੀ ਇਨਕਮ ਟੈਕਸ ਨੋਟਿਸ ਸਿੱਧੇ ਨਹੀਂ ਭੇਜਿਆ ਜਾਵੇਗਾ। 

ਜਾਂਚ-ਪੜਤਾਲ ਦੇ ਬਾਅਦ ਨੋਟਿਸ ਅੱਗੇ ਭੇਜਿਆ ਜਾਵੇਗਾ

ਮੋਦੀ ਸਰਕਾਰ ਨੇ ਇਨਕਮ ਟੈਕਸ ਅਧਿਕਾਰੀਆਂ 'ਤੇ ਲਗਾਮ ਲਗਾਉਂਦੇ ਹੋਏ ਵੱਡਾ ਫੈਸਲਾ ਲਿਆ ਹੈ। ਕਾਨੂੰਨ ਮੰਤਰੀ ਨੇ ਦੱਸਿਆ ਕਿ ਹਰ ਨੋਟਿਸ ਇਕ ਕੇਂਦਰੀ ਸਿਸਟਮ ਅਤੇ ਪ੍ਰਣਾਲੀ 'ਚ ਆਵੇਗੀ ਅਤੇ ਉਥੇ ਉਸਦੀ ਉਚਿਤ ਜਾਂਚ ਦੇ ਬਾਅਦ ਹੀ ਅੱਗੇ ਭੇਜਿਆ ਜਾਵੇਗਾ। ਇਸ ਨਾਲ ਅਧਿਕਾਰੀ ਆਪਣੀ ਮਨ-ਮਰਜ਼ੀ ਨਾਲ ਆਮਦਨ ਟੈਕਸ ਨੋਟਿਸ ਭੇਜਣ ਦਾ ਫੈਸਲਾ ਨਹੀਂ ਲੈ ਸਕਣਗੇ।

ਅਰਥਵਿਵਸਥਾ ਦਾ ਆਧਾਰ ਅਜੇ ਵੀ ਮਜ਼ਬੂਤ

ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਇੰਚਾਰਜ ਮੰਤਰੀ ਰਵੀ ਸ਼ੰਕਰ ਨੇ ਪਿਛਲੀ ਤਿਮਾਹੀ ਦੇ ਦੌਰਾਨ ਜੀ.ਡੀ.ਪੀ. ਵਾਧਾ ਦਰ ਦੇ ਘੱਟ ਕੇ 5.1 ਫੀਸਦੀ ਹੋ ਜਾਣ ਦੀ ਗੱਲ ਸਵੀਕਾਰ ਕਰਦੇ ਹੋਏ ਇਸ ਲਈ ਗਲੋਬਲ ਅਤੇ ਕੁਝ ਘਰੇਲੂ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਦਾਅਵਾ ਕੀਤਾ ਕਿ ਦੇਸ਼ ਦੀ ਅਰਥਵਿਵਸਥਾ ਦਾ ਆਧਾਰ ਹੁਣ ਬਹੁਤ ਹੀ ਮਜ਼ਬੂਤ ਹੈ ਕਿਉਂਕਿ ਮਹਿੰਗਾਈ, ਵਿੱਤੀ ਘਾਟਾ ਆਦਿ ਕਾਬੂ 'ਚ ਹਨ। ਵਿਦੇਸ਼ੀ ਨਿਵੇਸ਼ ਅਤੇ ਮੁਦਰਾ ਭੰਡਾਰ ਆਦਿ ਬਿਹਤਰ ਹੈ।


Related News