ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਆਰਥਿਕ ਚੌਕਸੀ ਦੀ ਲੋੜ
Saturday, Sep 17, 2022 - 07:10 PM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਦੀ ਮਾਸਿਕ ਆਰਥਿਕ ਸਮੀਖਿਆ ’ਚ ਕਿਹਾ ਗਿਆ ਕਿ ਗਲੋਬਲ ਅਨਿਸ਼ਚਿਤਤਾਵਾਂ ਦਰਮਿਆਨ ਟਿਕਾਊ ਵਿਕਾਸ ਅਤੇ ਸਥਿਰਤਾ ਯਕੀਨੀ ਕਰਨ ਲਈ ਲਗਾਤਾਰ ਵਿਆਪਕ ਆਰਥਿਕ ਚੌਕਸੀ ਦੀ ਲੋੜ ਹੈ। ਸਮੀਖਿਆ ’ਚ ਚੌਕਸ ਕੀਤਾ ਗਿਆ ਕਿ ਆਉਂਦੀਆਂ ਸਰਦੀਆਂ ਦੇ ਮੱਦੇਨਜ਼ਰ ਊਰਜਾ ਸੁਰੱਖਿਆ ’ਤੇ ਵਿਕਸਿਤ ਅਰਥਵਿਵਸਥਾਵਾਂ ਦੇ ਵਧਦੇ ਧਿਆਨ ਨਾਲ ਭੂ-ਸਿਆਸੀ ਤਨਾਅ ਵਧ ਸਕਦਾ ਹੈ। ਇਸ ਦੌਰਾਨ ਆਪਣੀਆਂ ਊਰਜਾ ਲੋੜਾਂ ਨੂੰ ਸੰਭਾਲਣ ਲਈ ਭਾਰਤ ਨੂੰ ਚਤੁਰਾਈ ਤੋਂ ਕੰਮ ਲੈਣਾ ਹੋਵੇਗਾ। ਭਾਰਤ ਆਪਣੀ ਲੋੜ ਦਾ 85.5 ਫੀਸਦੀ ਕੱਚਾ ਤੇਲ ਇੰਪੋਰਟ ਕਰਦਾ ਹੈ ਅਤੇ ਇਸ ਲਈ ਗਲੋਬਲ ਬਾਜ਼ਾਰ ’ਚ ਉੱਚੀਆਂ ਕੀਮਤਾਂ ਦਾ ਘਰੇਲੂ ਮਹਿੰਗਾਈ ’ਤੇ ਵੱਡਾ ਅਸਰ ਪੈਂਦਾ ਹੈ।
ਰਿਪੋਰਟ ਮੁਤਾਬਕ ਅਨਿਸ਼ਚਿਤਤਾ ਨਾਲ ਭਰੇ ਇਸ ਸਮੇਂ ’ਚ ਸੰਤੁਸ਼ਟ ਰਹਿਣਾ ਅਤੇ ਲੰਮੇ ਸਮੇਂ ਤੱਕ ਹੱਥ ’ਤੇ ਹੱਥ ਰੱਖ ਕੇ ਬੈਠਣਾ ਸੰਭਵ ਨਹੀਂ ਹੋ ਸਕਦਾ। ਸਥਿਰਤਾ ਅਤੇ ਟਿਕਾਊ ਵਿਕਾਸ ਲਈ ਲਗਾਤਾਰ ਵਿਆਪਕ ਆਰਥਿਕ ਚੌਕਸੀ ਜ਼ਰੂਰੀ ਹੈ। ਅਜਿਹੇ ਸਮੇਂ ’ਚ ਜਦੋਂ ਹੌਲੀ ਰਫਤਾਰ ਅਤੇ ਉੱਚ ਮਹਿੰਗਾਈ ਦੁਨੀਆ ਦੀਆਂ ਜ਼ਿਆਦਾਤਰ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਭਾਰਤ ਦਾ ਵਾਧਾ ਮਜ਼ਬੂਤ ਰਿਹਾ ਹੈ ਅਤੇ ਮਹਿੰਗਾਈ ਕੰਟਰੋਲ ’ਚ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਵਿਕਾਸ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਵਧਾਨ ਅਤੇ ਵਿਵੇਕਸ਼ੀਲ ਵਿੱਤੀ ਪ੍ਰਬੰਧਨ ਅਤੇ ਭਰੋਸੇਯੋਗ ਮੁਦਰਾ ਨੀਤੀ ਜ਼ਰੂਰੀ ਹੈ।