ਬਾਜ਼ਾਰ ''ਚ ਮਜ਼ਬੂਤੀ ਦੇ ਆਸਾਰ, ਇਨ੍ਹਾਂ ਦਾ ਦਿਸੇਗਾ ਮਾਰਕੀਟ ''ਤੇ ਅਸਰ

02/26/2018 8:34:12 AM

ਮੁੰਬਈ— ਬੀਤੇ ਹਫਤੇ ਭਾਰਤੀ ਸਟਾਕ ਮਾਰਕੀਟ 'ਤੇ ਪੀ. ਐੱਨ. ਬੀ. ਘੋਟਾਲੇ ਅਤੇ ਕੌਮਾਂਤਰੀ ਸੰਕੇਤਾਂ ਦਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਤਿੰਨ ਦਿਨ ਗਿਰਾਵਟ ਅਤੇ ਦੋ ਦਿਨ ਮਜ਼ਬੂਤੀ 'ਚ ਰਿਹਾ। ਹਫਤੇ ਦੌਰਾਨ ਸੈਂਸੈਕਸ 'ਚ 0.39 ਫੀਸਦੀ ਯਾਨੀ 131.39 ਅੰਕ ਦੀ ਤੇਜ਼ੀ ਦਰਜ ਕੀਤੀ ਗਈ, ਜਦੋਂ ਕਿ ਨਿਫਟੀ ਇਸ ਦੌਰਾਨ 38.75 ਅੰਕ ਯਾਨੀ 0.37 ਫੀਸਦੀ ਮਜ਼ਬੂਤ ਹੋਇਆ। ਉੱਥੇ ਹੀ ਆਖਰੀ ਕਾਰੋਬਾਰੀ ਦਿਨ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਸੈਂਸੈਕਸ 322.65 ਅੰਕ ਚੜ੍ਹ ਕੇ 34,142.15 'ਤੇ ਅਤੇ ਨਿਫਟੀ 108.35 ਅੰਕ ਵਧ ਕੇ 10,491.05 'ਤੇ ਬੰਦ ਹੋਏ।

ਅਮਰੀਕੀ ਬਾਜ਼ਾਰਾਂ ਦਾ ਹਾਲ
ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਡਾਓ 347.51 ਅੰਕ ਵਧ ਕੇ 25,309.99 ਡਾਲਰ 'ਤੇ ਬੰਦ ਹੋਇਆ। ਡਾਓ ਜੋਂਸ ਇੰਡੈਕਸ 'ਚ ਇਸ ਦਿਨ ਇੰਟੈਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸਟਾਕ ਰਿਹਾ। ਐੱਸ. ਐਂਡ. ਪੀ.-500 'ਚ ਯੂਟਿਲਟੀ ਅਤੇ ਐਨਰਜੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੈਕਟਰ ਰਹੇ ਅਤੇ ਐੱਸ. ਐਂਡ. ਪੀ.-500 ਅਖੀਰ 1.6 ਫੀਸਦੀ ਵਧ ਕੇ 2,747.30 ਦੇ ਪੱਧਰ 'ਤੇ ਬੰਦ ਹੋਇਆ। ਹਫਤੇ ਦੌਰਾਨ ਡਾਓ 'ਚ 0.4 ਫੀਸਦੀ ਅਤੇ ਐੱਸ. ਐਂਡ. ਪੀ.-500 'ਚ 0.6 ਫੀਸਦੀ ਤੇਜ਼ੀ ਦਰਜ ਕੀਤੀ ਗਈ। ਉੱਥੇ ਹੀ ਫੇਸਬੁੱਕ, ਐਮਾਜ਼ੋਨ, ਨੈੱਟਫਿਲਕਸ ਅਤੇ ਐਲਫਾਬੇਟ ਦੇ ਸ਼ੇਅਰਾਂ 'ਚ ਤੇਜ਼ੀ ਦੇ ਦਮ 'ਤੇ ਨੈਸਡੈਕ ਕੰਪੋਜ਼ਿਟ 1.8 ਫੀਸਦੀ ਵਧ ਕੇ 7,337.39 'ਤੇ ਬੰਦ ਹੋਇਆ। ਹਫਤੇ 'ਚ ਇਹ ਇੰਡੈਕਸ 1.4 ਫੀਸਦੀ ਵਧਿਆ।

ਮਾਰਕੀਟ 'ਤੇ ਇਨ੍ਹਾਂ ਦਾ ਹੋਵੇਗਾ ਅਸਰ
*
ਬੀਤੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ 486.32 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਨੇ ਭਾਰਤੀ ਸ਼ੇਅਰ ਬਾਜ਼ਾਰ 'ਚ 1,514.03 ਕਰੋੜ ਰੁਪਏ ਮੁੱਲ ਦੇ ਸ਼ੇਅਰ ਖਰੀਦੇ ਸਨ, ਯਾਨੀ ਮਾਰਕੀਟ ਲਈ ਡੀ. ਆਈ. ਆਈ. ਸੰਕੇਤ ਚੰਗੇ ਦਿਖਾਈ ਦੇ ਰਹੇ ਹਨ।
* ਗਲੋਬਲ ਸੰਕੇਤ ਚੰਗੇ ਦਿਸ ਰਹੇ ਹਨ। ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਜ਼ਬੂਤੀ ਨਾਲ ਹੋ ਰਿਹਾ ਹੈ। ਇਸ ਦੌਰਾਨ ਐੱਸ. ਜੀ. ਐਕਸ. ਨਿਫਟੀ 47 ਅੰਕ ਯਾਨੀ 0.45 ਫੀਸਦੀ ਦੀ ਤੇਜ਼ੀ ਨਾਲ 10,551.50 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਹੈਂਗ ਸੇਂਗ ਅਤੇ ਨਿੱਕੇਈ ਵੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ।
* ਇਸ ਹਫਤੇ ਭਾਰਤੀ ਬਾਜ਼ਾਰ ਦੀ ਦਿਸ਼ਾ ਵਾਹਨ ਵਿਕਰੀ ਅੰਕੜਿਆਂ ਅਤੇ ਕੌਮਾਂਤਰੀ ਸੰਕੇਤਾਂ ਨਾਲ ਤੈਅ ਹੋਵੇਗੀ। 26 ਫਰਵਰੀ ਨੂੰ ਟੀ. ਵੀ. ਐੱਸ. ਮੋਟਰਸ ਅਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ, 27 ਫਰਵਰੀ ਨੂੰ ਓ. ਐੱਨ. ਜੀ. ਸੀ. ਅਤੇ ਹੁਡਕੋ ਅਤੇ 28 ਫਰਵਰੀ ਨੂੰ ਐੱਚ. ਡੀ. ਐੱਫ. ਸੀ. ਲਿਮਟਿਡ ਦੇ ਤਿਮਾਹੀ ਨਤੀਜੇ ਜਾਰੀ ਹੋਣ ਵਾਲੇ ਹਨ। 
* ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਬਾਅਦ ਹੋਰ ਬੈਂਕਾਂ ਤੋਂ ਵੀ ਘੋਟਾਲੇ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨਾਲ ਦਰਮਿਆਨੀ ਅਤੇ ਛੋਟੀ ਕੰਪਨੀਆਂ ਦੀ ਨਿਵੇਸ਼ ਧਾਰਣਾ ਪ੍ਰਭਾਵਿਤ ਹੋ ਸਕਦੀ ਹੈ।
* 28 ਫਰਵਰੀ ਨੂੰ ਸਰਕਾਰ ਜੀ. ਡੀ. ਪੀ. ਦੇ ਅੰਕੜੇ ਜਾਰੀ ਕਰੇਗੀ। ਦੂਜੀ ਤਿਮਾਹੀ 'ਚ ਦੇਸ਼ ਦੀ ਜੀ. ਡੀ. ਪੀ. ਦੀ ਵਿਕਾਸ ਦਰ 6.3 ਫੀਸਦੀ ਸੀ, ਜਦੋਂ ਕਿ ਪਹਿਲੀ ਤਿਮਾਹੀ 'ਚ ਇਹ 5.7 ਫੀਸਦੀ ਸੀ।


Related News