ਰਸੋਈ ਦਾ ਬਜਟ ਫਿਰ ਵਧਿਆ, ਅਗਸਤ ’ਚ ਇਹ ਚੀਜ਼ ਹੋਵੇਗੀ ਥਾਲੀ ''ਚ ਸਭ ਤੋਂ ਜ਼ਿਆਦਾ ਮਹਿੰਗੀ
Wednesday, Sep 09, 2026 - 10:44 AM (IST)
ਮੁੰਬਈ : ਘਰ ਦੀ ਰਸੋਈ ’ਚ ਖਾਣਾ ਤਿਆਰ ਕਰਨਾ ਅਗਸਤ ’ਚ ਥੋੜ੍ਹਾ ਮਹਿੰਗਾ ਹੋ ਗਿਆ। ਪਿਆਜ਼, ਖਾਣ ਵਾਲੇ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਖਾਣੇ ਦੀ ਲਾਗਤ ’ਤੇ ਦਬਾਅ ਵਧਾਇਆ। ਹਾਲਾਂਕਿ, ਆਲੂ ਅਤੇ ਟਮਾਟਰ ਸਸਤੇ ਹੋਣ ਨਾਲ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਜ਼ਿਆਦਾ ਵਾਧਾ ਨਹੀਂ ਹੋਇਆ।
ਕ੍ਰਿਸਿਲ ਇੰਟੈਲੀਜੈਂਸ ਅਨੁਸਾਰ ਅਗਸਤ ’ਚ ਸ਼ਾਕਾਹਾਰੀ ਥਾਲੀ ਦੀ ਲਾਗਤ ਸਾਲਾਨਾ ਆਧਾਰ ’ਤੇ 1 ਫੀਸਦੀ ਵਧ ਕੇ 29.5 ਰੁਪਏ ਹੋ ਗਈ। ਉੱਥੇ ਹੀ, ਮਾਸਾਹਾਰੀ ਥਾਲੀ 5 ਫੀਸਦੀ ਮਹਿੰਗੀ ਹੋ ਕੇ 57.5 ਰੁਪਏ ਦੀ ਹੋ ਗਈ।
ਪਿਆਜ਼ ਬਣਿਆ ਵੱਡਾ ਕਾਰਨ
ਅਗਸਤ ’ਚ ਪਿਆਜ਼ ਦੀ ਕੀਮਤ ਇਕ ਸਾਲ ਪਹਿਲਾਂ ਦੇ 28 ਰੁਪਏ ਤੋਂ ਵਧ ਕੇ ਲੱਗਭਗ 40 ਰੁਪਏ ਪ੍ਰਤੀ ਕਿਲੋ ਹੋ ਗਈ। ਭਾਵ ਇਸ ’ਚ 43 ਫੀਸਦੀ ਦੀ ਤੇਜ਼ੀ ਰਹੀ। ਖਾਣ ਵਾਲੇ ਤੇਲ ਦੇ ਭਾਅ ਵੀ 11 ਫੀਸਦੀ ਅਤੇ ਰਸੋਈ ਗੈਸ ਦੀ ਕੀਮਤ 10 ਫੀਸਦੀ ਵਧੀ।
ਸਬਜ਼ੀਆਂ ਨੇ ਦਿੱਤੀ ਥੋੜ੍ਹੀ ਰਾਹਤ
ਆਲੂ ਦੀ ਕੀਮਤ 12 ਫੀਸਦੀ ਅਤੇ ਟਮਾਟਰ ਦੀ ਕੀਮਤ 28 ਫੀਸਦੀ ਘਟਣ ਨਾਲ ਸ਼ਾਕਾਹਾਰੀ ਥਾਲੀ ਦੀ ਲਾਗਤ ਨੂੰ ਸੀਮਤ ਰੱਖਣ ’ਚ ਮਦਦ ਮਿਲੀ। ਹਾਲਾਂਕਿ, ਮਹੀਨੇ ਦੇ ਦੌਰਾਨ ਪਿਆਜ਼ ਦੇ ਭਾਅ 17 ਫੀਸਦੀ ਵਧੇ।
ਅੱਗੇ ਵੀ ਮਹਿੰਗਾ ਰਹਿ ਸਕਦਾ ਹੈ ਪਿਆਜ਼
ਮਾਹਿਰਾਂ ਮੁਤਾਬਕ, ਅਗਲੇ 2-3 ਮਹੀਨਿਆਂ ’ਚ ਪਿਆਜ਼ ਦੀਆਂ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ। ਹਾੜੀ ਫਸਲ ਦੀ ਘੱਟ ਸਪਲਾਈ ਅਤੇ ਸਾਉਣੀ ਪਿਆਜ਼ ਦੀ ਆਮਦ ’ਚ ਦੇਰੀ ਇਸ ਦੇ ਮੁੱਖ ਕਾਰਨ ਹਨ। ਦੂਜੇ ਪਾਸੇ, ਚਿਕਨ ਦੇ ਭਾਅ ਸਾਲਾਨਾ ਆਧਾਰ ’ਤੇ 10 ਫੀਸਦੀ ਵਧੇ, ਜਿਸ ਨਾਲ ਮਾਸਾਹਾਰੀ ਥਾਲੀ ਦੀ ਲਾਗਤ ’ਚ ਜ਼ਿਆਦਾ ਵਾਧਾ ਹੋਇਆ।
