ਭਾਰਤੀ ਹਵਾਬਾਜ਼ੀ ਬਾਜ਼ਾਰ ਤੇਜ਼ੀ ਨਾਲ ਵੱਧਿਆ, ਇੰਡੀਗੋ ਨਾਲ ‘ਕੋਡਸ਼ੇਅਰ ਰੂਟ’ ਨੂੰ ਵਧਾਉਣ ਦਾ ਇਰਾਦਾ
Monday, May 15, 2023 - 11:05 AM (IST)

ਨਵੀਂ ਦਿੱਲੀ (ਭਾਸ਼ਾ) - ਯੂਰਪ ਦੀ ਮੁੱਖ ਏਅਰਲਾਈਨ ਏਅਰ ਫਰਾਂਸ-ਕੇ. ਐੱਲ. ਐੱਮ. ਨੇ ਕਿਹਾ ਹੈ ਕਿ ਭਾਰਤੀ ਹਵਾਬਾਜ਼ੀ ਬਾਜ਼ਾਰ ਤੇਜ਼ੀ ਨਾਲ ਵੱਧ ਰਿਹਾ ਹੈ। ਨਾਲ ਹੀ ਕੰਪਨੀ ਨੇ ਇੰਡੀਗੋ ਨਾਲ ਰੂਟ ਅਤੇ ਸਮਰੱਥਾ ਦੇ ਨਾਲ ਹੀ ਕੋਡਸ਼ੇਅਰ ਰੂਟ ਨੂੰ ਵਧਾਉਣ ਦੀ ਇੱਛਾ ਜਤਾਈ ਹੈ। ਏਅਰ ਫਰਾਂਸ-ਕੇ. ਐੱਲ. ਐੱਮ. ਨੇ 2022 ਦੀ ਤੁਲਣਾ ’ਚ ਆਪਣੀ ਸੀਟ ਸਮਰੱਥਾ ’ਚ 22 ਫ਼ੀਸਦੀ ਦਾ ਵਾਧਾ ਕੀਤਾ ਹੈ। ਕੰਪਨੀ 4 ਭਾਰਤੀ ਸ਼ਹਿਰਾਂ-ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਨੂੰ ਜੋੜਨ ਵਾਲੀ 46 ਹਫ਼ਤਾਵਾਰ ਉਡਾਣਾਂ ਸੰਚਾਲਿਤ ਕਰਦੀ ਹੈ। ਕੰਪਨੀ ਦਾ 30 ਤੋਂ ਜ਼ਿਆਦਾ ਸ਼ਹਿਰਾਂ ਲਈ ਦੇਸ਼ ਦੀ ਮੁੱਖ ਏਅਰਲਾਈਨ ਇੰਡੀਗੋ ਨਾਲ ਇਕ ਕੋਡਸ਼ੇਅਰ ਸਮਝੌਤਾ ਵੀ ਹੈ।
ਏਅਰ ਫਰਾਂਸ-ਕੇ. ਐੱਲ. ਐੱਮ. ਦੇ ਭਾਰਤੀ ਉਪਮਹਾਦਵੀਪ ਦੇ ਜਨਰਲ ਮੈਨੇਜਰ ਕਲਾਡ ਸੱਰੇ ਨੇ ਕਿਹਾ,‘‘ਅਸੀਂ ਸਮਰੱਥਾ, ਮਾਰਗ ਵਧਾਉਣਾ ਚਾਹੁੰਦੇ ਹਾਂ। ਅਸੀਂ ਇੰਡੀਗੋ ਨਾਲ ਵਿਸਤਾਰ ਕਰਨਾ ਚਾਹੁੰਦੇ ਹਾਂ। ਸਾਡਾ ਟੀਚਾ ਜ਼ਿਆਦਾ ਅੰਤਰਰਾਸ਼ਟਰੀ ਉਡਾਣਾਂ ਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਯੋਜਨਾਵਾਂ ਉੱਤੇ ਚਰਚਾ ਚੱਲ ਰਹੀ ਹੈ। ਕੋਡਸ਼ੇਅਰਿੰਗ ਜ਼ਰੀਏ ਇਕ ਏਅਰਲਾਈਨ ਆਪਣੇ ਮੁਸਾਫ਼ਰਾਂ ਨੂੰ ਉਨ੍ਹਾਂ ਮਾਰਗਾਂ ਦੀ ਯਾਤਰਾ ਦੀ ਸਹੂਲਤ ਦਿੰਦੀ ਹੈ, ਜਿੱਥੇ ਉਸ ਦੀ ਹਾਜ਼ਰੀ ਨਹੀਂ ਹੈ। ਅਜਿਹਾ ਸਹਿਯੋਗੀ ਏਅਰਲਾਈਨਸ ਨਾਲ ਗੱਠਜੋੜ ਜ਼ਰੀਏ ਕੀਤਾ ਜਾਂਦਾ ਹੈ। ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧਦੇ ਹਵਾਬਾਜ਼ੀ ਬਾਜ਼ਾਰਾਂ ’ਚੋਂ ਇਕ ਹੈ ਅਤੇ ਏਅਰ ਫਰਾਂਸ-ਕੇ. ਐੱਲ. ਐੱਮ. ਸਮੂਹ ਨੂੰ 2022 ’ਚ ਭਾਰਤੀ ਮਾਰਗਾਂ ਉੱਤੇ ਲੱਗਭੱਗ 10 ਲੱਖ ਯਾਤਰੀ ਮਿਲੇ। ਸੱਰੇ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਹਵਾਈ ਆਵਾਜਾਈ ਦੀ ਮੰਗ ਵੱਧ ਰਹੀ ਹੈ ਅਤੇ ਭਾਰਤ ’ਚ ਹਵਾਬਾਜ਼ੀ ਉਦਯੋਗ ਤੇਜ਼ੀ ਨਾਲ ਵੱਧ ਰਿਹਾ ਹੈ।