ਭਾਰਤੀ ਹਵਾਈ ਉਦਯੋਗ ਨੂੰ 260 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ
Tuesday, Aug 31, 2021 - 04:06 PM (IST)
ਨਵੀਂ ਦਿੱਲੀ - ਮੌਜੂਦਾ ਵਿੱਤੀ ਸਾਲ 'ਚ ਭਾਰਤੀ ਹਵਾਈ ਉਦਯੋਗ ਨੂੰ 260 ਅਰਬ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ ਸਾਲ 2022-24 ਦਰਮਿਆਨ ਇਸ ਨੂੰ 470 ਅਰਬ ਰੁਪਏ ਤੱਕ ਦੀ ਵਾਧੂ ਫੰਡਿੰਗ ਦੀ ਜ਼ਰੂਰਤ ਪੈ ਸਕਦੀ ਹੈ। ਮਾਰਕੀਟ ਅਧਿਐਨ ਅਤੇ ਸਲਾਹ ਸੇਵਾ ਪ੍ਰਦਾਨ ਕਰਨ ਵਾਲੀ ਏਜੰਸੀ ਇੰਕਰਾ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਜਾਰੀ ਆਪਣੀ ਰਿਪੋਰਟ ਵਿਚ ਇਹ ਅਨੁਮਾਨ ਜਤਾਉਂਦੇ ਹੋਏ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ 45 ਤੋਂ 50 ਫ਼ੀਸਦੀ ਤੱਕ ਹਵਾਈ ਯਾਤਰੀਆਂ ਦੀ ਸੰਖਿਆ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਮਾਰਚ 2022 ਵਿਚ ਖ਼ਤਮ ਹੋਣ ਵਾਲੇ ਵਿੱਤੀ ਸਾਲ ਵਿਚ ਭਾਰਤੀ ਏਅਰਲਾਈਨਾਂ ਲਈ ਅੰਤਰਰਾਸ਼ਟਰੀ ਯਾਤਰੀਆਂ ਦੀ ਸੰਖ਼ਿਆ ਵਿਚ 80 ਤੋਂ 85 ਫ਼ੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਇਸ ਉਦਯੋਗ ਨੂੰ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇੰਕਰਾ ਦੀ ਉਪ ਪ੍ਰਧਾਨ ਅਤੇ ਸਹਿ-ਸਮੂਹ ਮੁਖੀ ਕਿੰਜਲ ਸ਼ਾਹ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਅਤੇ ਵਿੱਤੀ ਸਾਲ 2024 ਤੱਕ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨੇ ਤੱਕ ਹਵਾਈ ਈਂਧਣ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ 'ਤੇ 71 ਫੀਸਦੀ ਦਾ ਵਾਧਾ ਅਤੇ ਹਵਾਈ ਕਿਰਾਇਆ ਦੀ ਹੱਦ ਤੈਅ ਕੀਤਾ ਜਾਣਾ ਇਸ ਉਦਯੋਗ ਦੇ ਲਾਭਾਂ ਸਾਹਮਣੇ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਭਾਰਤੀ ਹਵਾਈ ਉਦਯੋਗ ਨੂੰ ਚਾਲੂ ਵਿੱਤੀ ਸਾਲ ਵਿਚ 250 ਤੋਂ 260 ਅਰਬ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਇਸ ਉਦਯੋਗ ਦੇ ਕਰਜ਼ੇ ਦਾ ਪੱਧਰ ਵੀ ਵਧ ਜਾਵੇਗਾ।
ਚਾਲੂ ਵਿੱਤੀ ਸਾਲ ਵਿੱਚ ਜਹਾਜ਼ਾਂ ਦੇ ਪਟੇ ਦੇ ਖਰਚਿਆਂ ਦੇ ਨਾਲ ਉਨ੍ਹਾਂ ਦੀ ਦੇਣਦਾਰੀ 1200 ਅਰਬ ਰੁਪਏ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ, ਉਦਯੋਗ ਨੂੰ ਵਿੱਤੀ ਸਾਲ 2022 ਤੋਂ ਵਿੱਤੀ ਸਾਲ 2024 ਦੌਰਾਨ 450 ਤੋਂ 470 ਅਰਬ ਰੁਪਏ ਦੀ ਵਾਧੂ ਪੂੰਜੀ ਦੀ ਜ਼ਰੂਰਤ ਹੋਏਗੀ। ਉਨ੍ਹਾਂ ਕਿਹਾ ਕਿ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਸੁਧਾਰ ਪੰਜ ਕਾਰਨਾਂ - ਟੀਕਾਕਰਣ ਦੀ ਗਤੀ, ਯਾਤਰੀਆਂ ਦੀ ਲਗਜ਼ਰੀ ਯਾਤਰਾ 'ਤੇ ਖਰਚ ਕਰਨ ਦੀ ਇੱਛਾ ਸ਼ਕਤੀ, ਮੈਕਰੋ ਅਰਥ ਵਿਵਸਥਾ ਵਿੱਚ ਸੁਧਾਰ, ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਅਤੇ ਕੁਆਰੰਟੀਨ ਨਿਯਮਾਂ ਵਿਚ ਢਿੱਲ ਅਤੇ ਕਾਰੋਬਾਰੀ ਯਾਤਰਾ ਵਿਚ ਸੁਧਾਰ, ਉੱਤੇ ਨਿਰਭਰ ਕਰੇਗਾ।