ਚੀਨੀ ਸਰਕਾਰ ਦੀ Tencent ਖ਼ਿਲਾਫ ਵੱਡੀ ਕਾਰਵਾਈ, ਹਾਂਗਕਾਂਗ ਅਤੇ ਸ਼ੰਘਾਈ ਦੇ ਬਾਜ਼ਾਰ ’ਚ ਮਚੀ ਹਾਹਾਕਾਰ
Tuesday, Jul 27, 2021 - 10:35 AM (IST)
ਨਵੀਂ ਦਿੱਲੀ - ਚੀਨ ਵਲੋਂ ਆਪਣੀਆਂ ਟੈੱਕ ਕੰਪਨੀਆਂ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਸੋਮਵਾਰ ਨੂੰ ਹਾਂਗਕਾਂਗ ਦੀ ਸਟਾਕ ਐਕਸਚੇਂਜ ’ਚ ਲਿਸਟਿਡ ਚੀਨੀ ਤਕਨਾਲੋਜੀ ਕੰਪਨੀਆਂ ਦੇ ਸ਼ੇਅਰ ਮੂਧੇ ਮੂੰਹ ਡਿੱਗ ਗਏ, ਜਿਸ ਕਾਰਨ ਹਾਂਗਕਾਂਗ ਸਟਾਕ ਐਕਸਚੇਂਜ ਦਾ ਇੰਡੈਕਸ ਹੈਂਗਸੇਂਗ 4.13 ਫੀਸਦੀ ਡਿੱਗ ਕੇ 1129 ਅੰਕ ਦੀ ਗਿਰਾਵਟ ਨਾਲ 26192.32 ’ਤੇ ਬੰਦ ਹੋਇਆ। ਹਾਂਗਕਾਂਗ ਦੇ ਬਾਜ਼ਾਰ ’ਚ ਗਿਰਾਵਟ ਦਾ ਅਸਰ ਚੀਨ ਦੇ ਬਾਜ਼ਾਰ ’ਤੇ ਦੇਖਣ ਨੂੰ ਵੀ ਮਿਲਿਆ ਅਤੇ ਚੀਨੀ ਸਟਾਕ ਐਕਸਚੇਂਜ ਦਾ ਇੰਡੈਕਸ ਸ਼ੰਘਾਈ ਕੰਪੋਜ਼ਿਟ 2.34 ਫੀਸਦੀ ਡਿੱਗ ਕੇ 82.96 ਅੰਕ ਦੀ ਗਿਰਾਵਟ ਨਾਲ 3467.44 ’ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਵੱਡੀ ਰਾਹਤ : 620 ਜ਼ਰੂਰੀ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਘਟੀਆਂ
ਹਾਂਗਕਾਂਗ ’ਚ 6.57 ਫੀਸਦੀ ਡਿਗਿਆ ਤਕਨਾਲੋਜੀ ਇੰਡੈਕਸ
ਹਾਂਗਕਾਂਗ ਦੀ ਸਟਾਕ ਐਕਸਚੇਂਜ ’ਚ ਲਿਸਟਿਡ ਟੈਨਸੇਂਟ ਦਾ ਸ਼ੇਅਰ 7.72 ਫੀਸਦੀ ਡਿੱਗ ਗਿਆ ਜਦ ਕਿ ਅਲੀਬਾਬਾ ਦੇ ਸ਼ੇਅਰ ’ਚ 6.38 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਮੀਟੂਆਨ ਦਾ ਸ਼ੇਅਰ 13.76 ਫੀਸਦੀ ਡਿਗਿਆ ਅਤੇ ਇਨ ੍ਹਾਂ ਸ਼ੇਅਰਾਂ ਦੀ ਗਿਰਾਵਟ ਕਾਰਨ ਹੈਂਗਸੇਂਗ ਦਾ ਤਕਨਾਲੋਜੀ ਇੰਡੈਕਸ 6.57 ਫੀਸਦੀ ਡਿੱਗ ਕੇ 6790 ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ : Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ
ਚੀਨ ਨੇ ਸ਼ਨੀਵਾਰ ਨੂੰ ਕੀਤੀ ਸੀ ਟੈਨਸੇਂਟ ’ਤੇ ਕਾਰਵਾਈ
ਚੀਨ ਦੇ ਸਟੇਟ ਐਡਮਿਨਿਸਟ੍ਰੇਟਰ ਫਾਰ ਮਾਰਕੀਟ ਵੈਲਿਊ ਰੈਗੂਲੇਸ਼ਨ (ਐੱਸ. ਏ. ਐੱਮ. ਆਰ.) ਨੇ ਸ਼ਨੀਵਾਰ ਨੂੰ ਚੀਨ ਦੀ ਕੰਪਨੀ ਟੈਨਸੇਂਟ ਖਿਲਾਫ ਵੱਡੀ ਕਾਰਵਾਈ ਕੀਤੀ ਸੀ ਅਤੇ ਇਸ ਨੂੰ ਮਿਊਜ਼ਿਕ ਦੇ ਐਕਸਕਲੂਸਿਵ ਰਾਈਟਸ ਇਕ ਮਹੀਨੇ ਦੇ ਅੰਦਰ ਸਰੈਂਡਰ ਕਰਨ ਦੇ ਨਾਲ-ਨਾਲ 5 ਲੱਖ ਯੂਆਨ ਜੁਰਮਾਨਾ ਲਗਾਉਣ ਦੇ ਵੀ ਆਦੇਸ਼ ਦਿੱਤੇ ਸਨ। ਐੱਸ. ਏ. ਐੱਮ. ਆਰ. ਨੇ ਆਪਣੇ ਆਦੇਸ਼ ’ਚ ਕਿਹਾ ਸੀ ਕਿ ਟੈਨਸੇਂਟ ਕੋਲ ਮਿਊਜ਼ਿਕ ਦਾ ਏਕਾਧਿਕਾਰ ਹੋਣ ਕਾਰਨ ਮੁਕਾਬਲੇਬਾਜ਼ੀ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਸ਼ਨੀਵਾਰ ਨੂੰ ਹੋਈ ਇਸ ਕਾਰਵਾਈ ਕਾਰਨ ਹੀ ਸੋਮਵਾਰ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਟੈਨਸੇਂਟ ਦੇ ਸ਼ੇਅਰ ਡਿੱਗ ਗਏ। ਚੀਨ ਦਾ ਮਾਰਕੀਟ ਰੈਗੂਲੇਟਰ ਪਿਛਲੇ 3 ਮਹੀਨੇ ਤੋਂ ਆਪਣੇ ਹੀ ਦੇਸ਼ ਦੀਆਂ ਤਕਨਾਲੋਜੀ ਕੰਪਨੀਆਂ ਖਿਲਾਫ ਮੋਰਚਾ ਖੋਲ੍ਹ ਕੇ ਬੈਠਾ ਹੈ ਅਤੇ ਇਸ ਨਾਲ ਅਪ੍ਰੈਲ ਮਹੀਨੇ ’ਚ 34 ਕੰਪਨੀਆਂ ਨੂੰ ਨੋਟਿਸ ਜਾਰੀ ਕਰ ਕੇ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਹਾਲ ਹੀ ’ਚ ਅਮਰੀਕਾ ’ਚ ਲਿਸਟਿਡ ਹੋਈ ਚੀਨ ਦੀ ਕੰਪਨੀ ਦੀਦੀ ਖਿਲਾਫ ਕਾਰਵਾਈ ਕੀਤੇ ਜਾਣ ਤੋਂ ਬਾਅਦ ਨਿਊਯਾਰਕ ਸਟਾਕ ਐਕਸਚੇਂਜ ’ਚ ਕੰਪਨੀ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗ ਗਏ ਸਨ। ਪਿਛਲੇ ਸਾਲ ਚੀਨ ਨੇ ਅਲੀਬਾਬਾ ’ਤੇ 2.8 ਅਰਬ ਡਾਲਰ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ ਕੰਪਨੀ ਦੇ 34.5 ਅਰਬ ਡਾਲਰ ਦੇ ਆਈ. ਪੀ. ਓ. ਨੂੰ ਵੀ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ : 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ
ਬਿਟਕੁਆਈਨ ਮੁੜ 39 ਹਜ਼ਾਰ ਡਾਲਰ ਤੋਂ ਪਾਰ
ਸੋਮਵਾਰ ਨੂੰ ਬਿਟਕੁਆਈਨ ਦੀਆਂ ਕੀਮਤਾਂ ’ਚ 11 ਫੀਸਦੀ ਤੋਂ ਵੱਧ ਉਛਾਲ ਦੇਖਿਆ ਗਿਆ ਅਤੇ ਬਿਟਕੁਆਈਨ ਦੀਆਂ ਕੀਮਤਾਂ 39 ਹਜ਼ਾਰ ਡਾਲਰ ਪ੍ਰਤੀ ਬਿਟਕੁਆਈਨ ਤੱਕ ਪਹੁੰਚ ਗਈਆਂ। ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈੱਸਲਾ ਦੇ ਸੀ. ਈ. ਓ. ਐਲਨ ਮਸਕ ਅਤੇ ਟਵਿਟਰ ਦੇ ਸੀ. ਈ. ਓ. ਜੈੱਕ ਡੋਰਸੀ ਵਲੋਂ ਬਿਟਕੁਆਈਨ ਨੂੰ ਲੈ ਕੇ ਕੀਤੇ ਗਏ ਟਵੀਟ ਤੋਂ ਬਾਅਦ ਇਸ ਦੀਆਂ ਕੀਮਤਾਂ ’ਚ ਜ਼ਬਰਦਸਤ ਤੇਜ਼ੀ ਆਈ। ਐਲਨ ਮਸਕ ਨੇ ਆਪਣੇ ਟਵੀਟ ’ਚ ਕਿਹਾ ਕਿ ਟੈਸਲਾ ਆਪਣੀਆਂ ਕਾਰਾਂ ਦੇ ਕਾਰੋਬਾਰ ’ਚ ਬਿਟਕੁਆਈਨ ਨੂੰ ਮਨਜ਼ੂਰ ਕਰ ਸਕਦੀ ਹੈ। ਇਸ ਤੋਂ ਬਾਅਦ ਹੀ ਇਸ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ, ਇਸ ਤੋਂ ਪਹਿਲਾਂ ਪਿਛਲੇ ਹਫਤੇ ਬਿਟਕੁਆਈਨ ਦੀਆਂ ਕੀਮਤਾਂ 29 ਹਜ਼ਾਰ ਡਾਲਰ ਤੱਕ ਡਿੱਗ ਗਈਆਂ ਸਨ।
ਇਹ ਵੀ ਪੜ੍ਹੋ : ਹੁਣ Amazon 'ਤੇ ਹੋ ਸਕੇਗਾ Cryptocurrency 'ਚ ਭੁਗਤਾਨ!, ਜਾਣੋ ਕੰਪਨੀ ਦੀ ਕੀ ਹੈ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।