ਵਪਾਰ ਦੇ ਰਸਤੇ ''ਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰੇਗੀ ਸਰਕਾਰ : ਪ੍ਰਭੂ

Tuesday, Jul 31, 2018 - 12:47 AM (IST)

ਵਪਾਰ ਦੇ ਰਸਤੇ ''ਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰੇਗੀ ਸਰਕਾਰ : ਪ੍ਰਭੂ

ਨਵੀਂ ਦਿੱਲੀ -ਸਰਕਾਰ ਘਰੇਲੂ ਤੇ ਕੌਮਾਂਤਰੀ ਵਪਾਰ ਨੂੰ ਉਤਸ਼ਾਹ ਦੇਣ ਲਈ ਵੱਖ-ਵੱਖ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਲਈ ਕਾਨੂੰਨੀ ਉਪਰਾਲਿਆਂ ਦੇ ਨਾਲ ਪ੍ਰਬੰਧਕੀ ਪੱਧਰ 'ਤੇ ਹੋਣ ਵਾਲੇ ਉਪਰਾਲਿਆਂ ਦੀ ਏਕੀਕ੍ਰਿਤ ਰਣਨੀਤੀ 'ਤੇ ਕੰਮ ਕਰ ਰਹੀ ਹੈ। ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਇਹ ਗੱਲ ਕਹੀ। ਪ੍ਰਭੂ ਨੇ ਕਿਹਾ ਕਿ ਬਰਾਮਦ ਕਾਰੋਬਾਰ 'ਚ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦੀ ਉੱਚੀ ਲਾਗਤ ਨਾਲ ਮੁਕਾਬਲੇਬਾਜ਼ੀ ਪ੍ਰਭਾਵਿਤ ਹੁੰਦੀ ਹੈ ਅਤੇ ਮਾਲ ਦੀ ਆਵਾਜਾਈ 'ਤੇ ਅਸਰ ਪੈਂਦਾ ਹੈ। ਭਾਰਤ 'ਚ ਸਾਜੋ-ਸਾਮਾਨ ਅਤੇ ਵਪਾਰ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਲਾਜਿਸਟਿਕਸ ਉਦਯੋਗ ਦਾ ਕਾਰੋਬਾਰ 215 ਅਰਬ ਡਾਲਰ ਤੱਕ ਪਹੁੰਚ ਗਿਆ। ਇਹ ਉਦਯੋਗ 10 ਫ਼ੀਸਦੀ ਸਾਲਾਨਾ ਦੀ ਉੱਚੀ ਦਰ ਨਾਲ ਵਧ ਰਿਹਾ ਹੈ। ਪ੍ਰਭੂ ਇੱਥੇ ਇੰਡੀਆ ਲਾਜਿਸਟਿਕਸ ਦਾ ਪਛਾਣ ਚਿੰਨ੍ਹ ਜਾਰੀ ਕਰ ਰਹੇ ਸਨ। ਇਸ ਦੇ ਪ੍ਰਤੀਕ ਚਿੰਨ੍ਹ (ਆਈਕਨ) ਨੂੰ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਨੇ ਤਿਆਰ ਕੀਤਾ।  ਪ੍ਰਭੂ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਕ ਰਾਸ਼ਟਰੀ ਲਾਜਿਸਟਿਕਸ ਪੋਰਟਲ ਵਿਕਸਿਤ ਕਰ ਰਿਹਾ ਹੈ, ਜਿਸ 'ਚ ਸਾਰੇ ਸਬੰਧਤ ਪੱਖਾਂ ਨੂੰ ਇਕ ਮੰਚ 'ਤੇ ਜੋੜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਬਰਾਮਦ, ਦਰਾਮਦ ਤੇ ਘਰੇਲੂ ਵਪਾਰ ਦੀ ਲਾਗਤ ਨੂੰ ਘੱਟ ਕਰਨ ਲਈ ਏਕੀਕ੍ਰਿਤ ਰਣਨੀਤੀ 'ਤੇ ਵੀ ਕੰਮ ਕਰ ਰਹੀ ਹੈ।


Related News