ਸਰਕਾਰ ਦਾ ਵੱਡਾ ਪਲਾਨ, ਖਰੀਦਣ ਵਾਲੇ ਹੋ ਕਾਰ ਤਾਂ ਜ਼ਰੂਰ ਪੜ੍ਹੋ ਇਹ ਖਬਰ

11/22/2017 2:50:57 PM

ਨਵੀਂ ਦਿੱਲੀ— ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਹੁਣ ਰੁਕਣਾ ਫਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਜਲਦ ਹੀ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਕਾਰਾਂ ਦਾ ਰਸਤਾ ਇਕ ਤਰ੍ਹਾਂ ਨਾਲ ਬੰਦ ਹੋ ਜਾਵੇਗਾ। ਹਾਲਾਂਕਿ ਅਜਿਹਾ ਨਹੀਂ ਹੈ ਕਿ ਪੈਟਰੋਲ-ਡੀਜ਼ਲ ਕਾਰਾਂ 'ਤੇ ਰੋਕ ਲੱਗ ਜਾਵੇਗੀ ਪਰ ਜ਼ਿਆਦਾਤਰ ਵਿਕਣ ਵਾਲੀਆਂ ਕਾਰਾਂ ਇਲੈਕਟ੍ਰਿਕ ਹੀ ਹੋਣਗੀਆਂ। ਸਰਕਾਰ ਅਤੇ ਕਾਰ ਨਿਰਮਾਤਾ ਭਾਰਤ 'ਚ ਇਲੈਕਟ੍ਰਿਕ ਵਾਹਨਾਂ ਨੂੰ ਚਲਾਉਣ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਅਗਲੇ ਸਾਲ ਤੁਸੀਂ ਸੜਕਾਂ 'ਤੇ ਕਈ ਇਲੈਕਟ੍ਰਿਕ ਕਾਰਾਂ ਨੂੰ ਦੌੜਦੇ ਦੇਖੋਗੇ ਅਤੇ ਨਾਲ ਹੀ ਤੁਹਾਨੂੰ ਕਈ ਸਾਰੇ ਚਾਰਜਿੰਗ ਸਟੇਸ਼ਨ ਵੀ ਦੇਖਣ ਨੂੰ ਮਿਲਣਗੇ। ਸਰਕਾਰ ਦਾ ਮਕਸਦ 2030 ਤਕ ਭਾਰਤ ਨੂੰ ਗ੍ਰੀਨ ਊਰਜਾ 'ਤੇ ਸ਼ਿਫਟ ਕਰਨ ਲਈ ਸਿਰਫ ਈ-ਕਾਰਾਂ ਨੂੰ ਹੀ ਚਲਾਉਣ ਦਾ ਹੈ। ਜਿਨ੍ਹਾਂ ਕਰਕੇ ਤੁਹਾਡੇ ਲਈ ਅਜੇ ਕਾਰ ਖਰੀਦਣ ਦਾ ਮਨ ਬਦਲ ਲੈਣਾ ਅਤੇ ਇਲੈਕਟ੍ਰਿਕ ਕਾਰ ਖਰੀਦਣ ਲਈ ਉਡੀਕ ਕਰਨਾ ਠੀਕ ਰਹੇਗਾ। ਆਓ ਜਾਣਦੇ ਹਾਂ ਆਖਰ ਕਿਉਂ ਰੁਕਣਾ ਠੀਕ ਰਹੇਗਾ
ਈ-ਕਾਰਾਂ ਨੂੰ ਸਰਕਾਰ ਦੇ ਰਹੀ ਹੈ ਰਫਤਾਰ 
ਭਾਵੇਂ ਕਿ ਮਹਿੰਦਰਾ ਐਂਡ ਮਹਿੰਦਰਾ ਭਾਰਤ 'ਚ ਪਹਿਲਾਂ ਹੀ ਇਲੈਕਟ੍ਰਿਕ ਕਾਰਾਂ ਵੇਚ ਰਹੀ ਹੈ ਪਰ ਇਕ ਕੰਪਨੀ ਸਾਰੀ ਮੰਗ ਨੂੰ ਪੂਰਾ ਨਹੀਂ ਕਰ ਸਕਦੀ। ਅਜਿਹੇ 'ਚ ਸਰਕਾਰ ਨੇ ਇਸ ਸੈਕਟਰ 'ਚ ਤੇਜ਼ੀ ਲਿਆਉਣ ਲਈ ਕਈ ਕਦਮ ਚੁੱਕੇ ਹਨ। ਸਰਕਾਰ ਨੇ ਨਿੱਜੀ ਕਪੰਨੀਆਂ ਨਾਲ ਮਿਲ ਕੇ 10,000 ਇਲੈਕਟ੍ਰਿਕ ਕਾਰਾਂ ਦਾ ਆਰਡਰ ਦਿੱਤਾ ਹੈ ਅਤੇ ਇਹ ਬੋਲੀ ਪੂਰੀ ਹੋ ਚੁੱਕੀ ਹੈ। ਇਸ ਤਹਿਤ ਪਹਿਲੇ ਪੜਾਅ 'ਚ ਟਾਟਾ ਮੋਟਰਜ਼ 250 ਕਾਰਾਂ ਅਤੇ ਮਹਿੰਦਰਾ ਐਂਡ ਮਹਿੰਦਰਾ 150 ਕਾਰਾਂ ਸਪਲਾਈ ਕਰਨਗੇ। ਇਹ ਆਰਡਰ ਜਨਤਕ ਖੇਤਰ ਦੀ ਕੰਪਨੀ ਐਨਰਜ਼ੀ ਐਫੀਸੀਐਂਸੀ ਸਰਵਿਸ ਲਿਮਟਿਡ (ਈ. ਈ. ਐੱਸ. ਐੱਲ.) ਨੇ ਬੁੱਕ ਕਰਾਇਆ ਹੈ, ਜਿਸ ਤਹਿਤ ਸਰਕਾਰੀ ਵਿਭਾਗਾਂ 'ਚ ਇਲੈਕਟ੍ਰਿਕ ਵਾਹਨ ਹੀ ਵਰਤੇ ਜਾਣਗੇ ਅਤੇ ਕੁਝ ਸਾਲਾਂ 'ਚ ਸਾਰੇ ਸਰਕਾਰੀ ਵਿਭਾਗਾਂ 'ਚ ਸਿਰਫ ਇਲੈਕਟ੍ਰਿਕ ਵਾਹਨ ਹੀ ਹੋਣਗੇ। ਜਿਸ ਦਾ ਸਿੱਧਾ-ਸਿੱਧਾ ਮਕਸਦ ਭਾਰਤ ਦੀਆਂ ਸੜਕਾਂ 'ਤੇ ਈ-ਵਾਹਨਾਂ ਨੂੰ ਰਫਤਾਰ ਦੇਣਾ ਹੈ। 
ਪੈਟਰੋਲ ਪੰਪਾਂ 'ਤੇ ਵੀ ਹੋਵੇਗੀ ਗੱਡੀ ਚਾਰਜ
ਭਾਰਤ 'ਚ ਮੌਜੂਦਾ ਸਮੇਂ 56,000 ਦੇ ਲਗਭਗ ਪੈਟਰੋਲ ਪੰਪ ਹਨ ਪਰ ਇਸ ਦੇ ਮੁਕਾਬਲੇ 200 ਤੋਂ ਥੋੜ੍ਹੇ ਜ਼ਿਆਦਾ ਹੀ ਚਾਰਜਿੰਗ ਸਟੇਸ਼ਨ ਹਨ। ਹਾਲਾਂਕਿ ਚਾਰਜਿੰਗ ਸਟੇਸ਼ਨ ਖੋਲ੍ਹਣ ਦਾ ਕੰਮ ਵੀ ਵੱਡੇ ਪੱਧਰ 'ਤੇ ਸ਼ੁਰੂ ਹੋ ਗਿਆ ਹੈ। ਹਾਲ ਹੀ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਨਾਗਪੁਰ 'ਚ ਆਪਣੇ ਪੰਪ 'ਤੇ ਚਾਰਜਿੰਗ ਸਟੇਸ਼ਨ ਖੋਲ੍ਹਿਆ ਹੈ। ਇਸ ਦੇ ਨਾਲ ਹੀ ਇਹ ਦੇਸ਼ ਦੀ ਪਹਿਲੀ ਤੇਲ ਮਾਰਕੀਟਿੰਗ ਕੰਪਨੀ ਬਣ ਗਈ ਹੈ, ਜਿਸ ਨੇ ਪੈਟਰੋਲ ਪੰਪ 'ਤੇ ਚਾਰਜਿੰਗ ਸਟੇਸ਼ਨ ਲਾਂਚ ਕੀਤਾ ਹੈ। ਸਰਕਾਰ ਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਅਜਿਹੇ ਕਈ ਹੋਰ ਚਾਰਜਿੰਗ ਸਟੇਸ਼ਨ ਅਗਲੇ ਸਾਲ ਖੁੱਲ੍ਹਣਗੇ। 
ਕਾਰ ਕੰਪਨੀਆਂ ਤਿਆਰ, ਈ-ਵਾਹਨਾਂ ਨੂੰ ਮਿਲੇਗਾ 'ਬਿਗ ਬੂਸਟ'
ਹਾਲ ਹੀ 'ਚ ਜਾਪਾਨੀ ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਮੋਟਰ ਅਤੇ ਟੋਇਟਾ ਮੋਟਰ ਨੇ ਈ-ਕਾਰਾਂ ਲਈ ਇਕ-ਦੂਜੇ ਨਾਲ ਹੱਥ ਮਿਲਾਇਆ ਹੈ, ਜਿਸ ਤਹਿਤ ਇਹ ਦੋਵੇਂ ਮਿਲ ਕੇ ਭਾਰਤ 'ਚ ਇਲੈਕਟ੍ਰਿਕ ਕਾਰਾਂ ਬਣਾਉਣਗੇ ਅਤੇ ਵੇਚਣਗੇ। ਅਗਲੇ ਤਿੰਨ ਸਾਲਾਂ 'ਚ ਉਹ ਕਈ ਈ-ਕਾਰਾਂ ਲਾਂਚ ਕਰਨਗੇ। ਸੁਜ਼ੂਕੀ ਅਤੇ ਮਾਰੂਤੀ ਮਿਲ ਕੇ ਭਾਰਤ 'ਚ ਕਾਰਾਂ ਵੇਚਦੇ ਹਨ ਅਤੇ ਹਰ ਯਾਤਰੀ ਕਾਰ 'ਚ ਇਕ ਕਾਰ ਸੁਜ਼ੂਕੀ ਦੀ ਹੀ ਹੁੰਦੀ ਹੈ। ਜੇਕਰ ਇਸੇ ਰਫਤਾਰ ਨਾਲ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਹੋਇਆ ਤਾਂ ਭਾਰਤ 'ਚ ਵੱਡੀ ਗਿਣਤੀ 'ਚ ਈ-ਵਾਹਨ ਹੋਣਗੇ। ਸੁਜ਼ੂਕੀ ਅਤੇ ਟੋਇਟਾ ਵੱਲੋਂ ਭਾਰਤ 'ਚ ਇਲੈਕਟ੍ਰਿਕ ਕਾਰ ਬਾਜ਼ਾਰ ਲਈ ਗਠਜੋੜ ਦੇ ਐਲਾਨ ਕਰਨ ਤੋਂ ਬਾਅਦ ਹੌਂਡਾ ਕਾਰਸ ਇੰਡੀਆ ਲਿਮਟਿਡ ਵੀ ਭਾਰਤੀ ਬਾਜ਼ਾਰ ਲਈ ਈ-ਵਾਹਨ ਰਣਨੀਤੀ ਤਿਆਰ ਕਰ ਰਹੀ ਹੈ। ਹੌਂਡਾ ਕਾਰਸ ਇਸ ਕੋਸ਼ਿਸ਼ 'ਚ ਹੈ ਕਿ ਉਹ ਭਾਰਤ 'ਚ ਈ-ਕਾਰਾਂ ਬਣਾਵੇ ਵੀ ਅਤੇ ਇਹ ਕਾਰਾਂ ਸਸਤੀਆਂ ਵੀ ਹੋਣ, ਨਾਲ ਹੀ ਭਾਰਤੀ ਟ੍ਰੈਫਿਕ ਮੁਤਾਬਕ ਹੋਣ। ਹੌਂਡਾ ਚਾਹੁੰਦੀ ਹੈ ਕਿ 2030 ਤਕ ਉਸ ਦੀ ਕੁੱਲ ਵਿਕਰੀ ਦਾ 65 ਫੀਸਦੀ ਹਿੱਸਾ ਸਿਰਫ ਈ-ਕਾਰਾਂ ਦਾ ਹੋਵੇ। ਹੌਂਡਾ, ਸੁਜ਼ੂਕੀ ਅਤੇ ਟੋਇਟਾ ਵੱਲੋਂ ਇਲੈਕਟ੍ਰਿਕ ਕਾਰਾਂ ਦੀ ਦੌੜ 'ਚ ਸ਼ਾਮਲ ਹੋਣ ਦਾ ਅਰਥ ਹੈ ਕਿ ਜਲਦ ਹੀ ਭਾਰਤ 'ਚ ਈ-ਕਾਰਾਂ ਦਾ ਬਾਜ਼ਾਰ ਗਰਮ ਹੋਵੇਗਾ।


Related News