ਚਾਹ ਦਾ ਐਕਸਪੋਰਟ ਸਾਲ 2022 ਦੇ ਪਹਿਲੇ 10 ਮਹੀਨਿਆਂ ’ਚ 18 ਫੀਸਦੀ ਵਧਿਆ
Saturday, Jan 07, 2023 - 11:45 AM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਤੋਂ ਚਾਹ ਦਾ ਐਕਸਪੋਰਟ ਪਿਛਲੇ ਸਾਲ ਜਨਵਰੀ ਤੋਂ ਅਕਤੂਬਰ ਦਰਮਿਆਨ 18.1 ਫੀਸਦੀ ਵਧ ਕੇ 18.53 ਕਰੋੜ ਕਿਲੋਗ੍ਰਾਮ ਰਿਹਾ। ਇਹ ਪਿਛਲੇ ਸਾਲ ਦੇ ਪਹਿਲੇ 10 ਮਹੀਨਿਆਂ ’ਚ 16 ਕਰੋੜ ਕਿਲੋਗ੍ਰਾਮ ਸੀ। ਚਾਹ ਬੋਰਡ ਦੇ ਅੰਕੜਿਆਂ ਮੁਤਾਬਕ ਰਾਸ਼ਟਰ ਕੁਲ ਦੇਸ਼ (ਸੀ. ਆਈ. ਐੱਸ. ਬਲਾਕ) ਸਾਲ 2022 ਦੇ ਪਹਿਲੇ 10 ਮਹੀਨਿਆਂ ਦੌਰਾਨ 4 ਕਰੋੜ 36.5 ਲੱਖ ਕਿਲੋਗ੍ਰਾਮ ਦਾ ਇੰਪੋਰਟ ਕਰ ਕੇ ਸਭ ਤੋਂ ਵੱਡੇ ਇੰਪੋਰਟਰ ਰਹੇ। ਇਹ ਮਾਤਰਾ ਪਿਛਲੇ ਸਾਲ ਦੀ ਇਸੇ ਮਿਆਦ ’ਚ ਤਿੰਨ ਕਰੋੜ 69.5 ਲੱਖ ਕਿਲੋਗ੍ਰਾਮ ਤੋਂ ਕਾਫੀ ਵੱਧ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸਾਲ 2022 ਦੀ ਇਸੇ ਮਿਆਦ ਦੌਰਾਨ 3 ਕਰੋੜ 29.5 ਲੱਖ ਕਿਲੋਗ੍ਰਾਮ ਨਾਲ ਦੂਜੇ ਸਭ ਤੋਂ ਵੱਡੇ ਇੰਪੋਰਟਰ ਵਜੋਂ ਸਾਹਮਣੇ ਆਇਆ।
ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਇਕ ਕਰੋੜ 24.5 ਲੱਖ ਕਿਲੋਗ੍ਰਾਮ ਦੇ ਇੰਪੋਰਟ ਤੋਂ ਕਾਫੀ ਵੱਧ ਹੈ। ਭਾਰਤੀ ਰਵਾਇਤੀ ਚਾਹ ਕਿਸਮ ਦੇ ਇਕ ਵੱਡੇ ਇੰਪੋਰਟਰ ਈਰਾਨ ਨੇ ਜਨਵਰੀ ਤੋਂ ਅਕਤੂਬਰ 2022 ਦੀ ਮਿਆਦ 1 ਕਰੋੜ 95.2 ਲੱਖ ਕਿਲੋਗ੍ਰਾਮ ਚਾਹ ਦਾ ਇੰਪੋਰਟ ਕੀਤਾ ਜੋ ਸਾਲ 2021 ਦੀ ਇਸੇ ਮਿਆਦ ’ਚ 2 ਕਰੋੜ 14.5 ਲੱਖ ਕਿਲੋਗ੍ਰਾਮ ਤੋਂ ਘੱਟ ਹੈ। ਭਾਰਤੀ ਚਾਹ ਸੰਘ (ਟੀ. ਏ. ਆਈ.) ਦੇ ਜਨਰਲ ਸਕੱਤਰ ਪੀ. ਕੇ. ਭੱਟਾਚਾਰਿਆ ਨੇ ਕਿਹਾ ਕਿ ਹਾਲਾਂਕਿ ਈਰਾਨ ਨੂੰ ਐਕਸਪੋਰਟ ਘਟ ਗਿਆ ਹੈ ਪਰ ਚੰਗੀ ਗੱਲ ਇਹ ਹੈ ਕਿ ਸੀ. ਆਈ. ਐੱਸ. ਬਲਾਕ ਤੋਂ ਬਾਅਦ ਯੂ. ਏ. ਈ. ਇਕ ਪ੍ਰਮੁੱਖ ਇੰਪੋਰਟਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਉਦਯੋਗ ਸੂਤਰਾਂ ਨੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਪਤਾ ਨਹੀਂ ਹੈ ਕਿ ਈਰਾਨ ਭਾਰਤ ਨੂੰ ਇੰਪੋਰਟ ਦੇ ਆਡਰ ਕਿਉਂ ਨਹੀਂ ਦੇ ਰਿਹਾ ਹੈ ਅਤੇ ਪਿਛਲੇ 2 ਮਹੀਨਿਆਂ ’ਚ ਅਚਾਨਕ ਖਰੀਦਦਾਰੀ ਬੰਦ ਕਰ ਦਿੱਤੀ ਹੈ। ਉਦਯੋਗ ਦੇ ਇਕ ਸੂਤਰ ਨੇ ਦਾਅਵਾ ਕੀਤਾ ਕਿ ਇਸ ਮੁੱਦ ’ਤੇ ਚਾਹ ਬੋਰਡ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰੂਸ ਸਾਲ 2022 ਦੇ ਪਹਿਲੇ 10 ਮਹੀਨਿਆਂ ’ਚ 3 ਕਰੋੜ 28 ਲੱਖ ਕਿਲੋਗ੍ਰਾਮ ਦੇ ਚਾਹ ਇੰਪੋਰਟ ਨਾਲ ਸੀ. ਆਈ. ਐੱਸ. ਬਲਾਕ ’ਚ ਸਭ ਤੋਂ ਵੱਡਾ ਇੰਪੋਰਟਰ ਦੇਸ਼ ਰਿਹਾ।