ਵਸਤਾਂ ਦੀ ਬਰਾਮਦ 4.2 ਫ਼ੀਸਦੀ ਵਧ ਕੇ 111.7 ਅਰਬ ਡਾਲਰ ਰਹਿਣ ਦਾ ਅੰਦਾਜ਼ਾ
Tuesday, Aug 13, 2024 - 11:37 AM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਮਜ਼ਬੂਤ ਆਰਥਿਕ ਸਰਗਰਮੀਆਂ ਨਾਲ ਕੁੱਲ ਵਸਤੂ ਬਰਾਮਦ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 4.2 ਫ਼ੀਸਦੀ ਵਧ ਕੇ 111.7 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਹੈ।
ਭਾਰਤੀ ਬਰਾਮਦ-ਦਰਾਮਦ ਬੈਂਕ (ਇੰਡੀਆ ਐਕਜ਼ਿਮ ਬੈਂਕ) ਨੇ ਸੋਮਵਾਰ ਨੂੰ ਇਕ ਰਿਪੋਰਟ ’ਚ ਕਿਹਾ ਕਿ ਵਿੱਤੀ ਸਾਲ 2024-25 ਦੀ ਜੁਲਾਈ-ਸਤੰਬਰ ਤਿਮਾਹੀ ’ਚ ਗੈਰ-ਤੇਲ ਬਰਾਮਦ 6.26 ਫ਼ੀਸਦੀ ਵਧ ਕੇ 89.8 ਅਰਬ ਡਾਲਰ ਰਹਿਣ ਦੀ ਸੰਭਾਵਨਾ ਹੈ।
ਰਿਪੋਰਟ ਅਨੁਸਾਰ, ‘‘ਮਜ਼ਬੂਤ ਆਰਥਿਕ ਸਰਗਰਮੀਆਂ ਨਾਲ ਵਿਨਿਰਮਾਣ ਅਤੇ ਸੇਵਾ ਖੇਤਰ ਦੇ ਬਿਹਤਰ ਪ੍ਰਦਰਸ਼ਨ ਅਤੇ ਦੁਨੀਆ ਦੇ ਹੋਰ ਦੇਸ਼ਾਂ ’ਚ ਮੋਨੇਟਰੀ ਪਾਲਿਸੀ ਨਰਮ ਹੋਣ ਅਤੇ ਵਪਾਰ ਭਾਈਵਾਲ ਦੇਸ਼ਾਂ ’ਚ ਮੰਗ ਸੰਭਾਵਨਾਵਾਂ ’ਚ ਸੁਧਾਰ ਨਾਲ ਭਾਰਤ ਦੇ ਬਰਾਮਦ ਖੇਤਰ ਦਾ ਪ੍ਰਦਰਸ਼ਨ ਚਾਲੂ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ 4.2 ਫ਼ੀਸਦੀ ਵਧ ਕੇ 111.7 ਅਰਬ ਡਾਲਰ ਰਹਿਣ ਦੀ ਸੰਭਾਵਨਾ ਹੈ।
ਐਕਜ਼ਿਮ ਬੈਂਕ ਨੇ ਕਿਹਾ ਕਿ ਕੁੱਲ ਵਸਤੂ ਬਰਾਮਦ ਅਤੇ ਗੈਰ-ਤੇਲ ਬਰਾਮਦ ’ਚ ਸਕਾਰਾਤਮਕ ਵਾਧਾ ਪਿਛਲੀਆਂ ਤਿੰਨ ਤਿਮਾਹੀਆਂ ਤੋਂ ਬਣਿਆ ਹੋਇਆ ਹੈ ਅਤੇ ਇਸ ਦੇ ਜਾਰੀ ਰਹਿਣ ਦੀ ਉਮੀਦ ਹੈ। ਐਕਜ਼ਿਮ ਬੈਂਕ ਤਿਮਾਹੀ ਆਧਾਰ ’ਤੇ ਦੇਸ਼ ਦੀ ਕੁੱਲ ਵਸਤੂ ਬਰਾਮਦ ਅਤੇ ਗੈਰ-ਤੇਲ ਬਰਾਮਦ ’ਚ ਵਾਧੇ ਦਾ ਅਗਾਊਂ ਅੰਦਾਜ਼ਾ ਜਾਰੀ ਕਰਦਾ ਹੈ। ਇਹ ਤਿਮਾਹੀ ਰਿਪੋਰਟ ‘ਐਕਸਪੋਰਟ ਲੀਡਿੰਗ ਇੰਡੈਕਸ’ ਮਾਡਲ ਦੇ ਆਧਾਰ ’ਤੇ ਮਈ, ਅਗਸਤ, ਨਵੰਬਰ ਅਤੇ ਫਰਵਰੀ ਦੇ ਪਹਿਲੇ ਪੰਦਰਵਾੜੇ ’ਚ ਜਾਰੀ ਕੀਤੀ ਜਾਂਦੀ ਹੈ।