ਖਾਣ ਵਾਲੇ ਤੇਲ 'ਤੇ ਰਿਫਾਇਨਰੀਜ਼ ਦੀ ਮੌਜ, ਗਾਹਕਾਂ 'ਤੇ ਪਵੇਗਾ ਬੋਝ

11/21/2017 9:28:30 AM

ਨਵੀਂ ਦਿੱਲੀ— ਜਲਦ ਹੀ ਤੁਹਾਡੀ ਰਸੋਈ ਦਾ ਬਜਟ ਵਿਗੜਨ ਵਾਲਾ ਹੈ ਪਰ ਰਿਫਾਇਨਰੀਜ਼ ਨੂੰ ਫਾਇਦਾ ਹੋਵੇਗਾ। ਦਰਅਸਲ, ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਸਰਕਾਰ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਤਰ੍ਹਾਂ ਦੇ ਖਾਣ ਵਾਲੇ ਤੇਲਾਂ 'ਤੇ ਦਰਾਮਦ ਡਿਊਟੀ 'ਚ ਭਾਰੀ ਵਾਧਾ ਕਰ ਦਿੱਤਾ ਗਿਆ। ਸਰਕਾਰ ਨੇ ਕੱਚੇ ਪਾਮ ਤੇਲ 'ਤੇ ਦਰਾਮਦ ਡਿਊਟੀ 15 ਫੀਸਦੀ ਤੋਂ ਵਧਾ ਕੇ ਦੁਗਣੀ 30 ਫੀਸਦੀ ਅਤੇ ਰਿਫਾਇੰਡ ਪਾਮ ਤੇਲ 'ਤੇ 25 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤੀ ਹੈ। ਹੁਣ ਖੁਰਾਕੀ ਤੇਲ ਰਿਫਾਇਨਰੀਜ਼ ਜਲਦ ਹੀ ਕੀਮਤਾਂ 'ਚ ਵਾਧੇ ਦਾ ਐਲਾਨ ਕਰ ਸਕਦੀਆਂ ਹਨ, ਜਿਸ ਦਾ ਸਿੱਧਾ ਬੋਝ ਗਾਹਕਾਂ 'ਤੇ ਪਵੇਗਾ।

ਉੱਥੇ ਹੀ, ਸਰਕਾਰ ਦੇ ਇਸ ਫੈਸਲੇ ਨੂੰ ਕੁਝ ਕਾਰੋਬਾਰੀਆਂ ਨੇ ਪਹਿਲਾਂ ਹੀ ਭਾਂਪ ਲਿਆ ਸੀ। ਇਸੇ ਕਰਕੇ ਦਰਾਮਦ ਡਿਊਟੀ 'ਚ ਭਾਰੀ ਵਾਧੇ ਦੇ ਐਲਾਨ ਤੋਂ ਪਹਿਲਾਂ ਹੀ ਸ਼ੁੱਕਰਵਾਰ ਨੂੰ ਜਿਣਸ ਐਕਸਚੇਂਜ਼ਾਂ ਐੱਨ. ਸੀ. ਡੀ. ਈ. ਐਕਸ. ਅਤੇ ਐੱਮ. ਸੀ. ਐਕਸ. 'ਤੇ ਖੁਰਾਕੀ ਤੇਲ ਸੌਦਿਆਂ 'ਚ ਵੱਡੀ ਖਰੀਦਦਾਰੀ ਹੋਈ। ਸ਼ਾਮ ਨੂੰ ਐੱਨ. ਸੀ. ਡੀ. ਈ. ਐਕਸ. ਦੇ ਸਭ ਤੋਂ ਵੱਡੇ ਕਾਰੋਬਾਰੀਆਂ ਕੋਲ ਲੰਬੇ ਸਮੇਂ ਦੇ ਸੌਦਿਆਂ ਦੇ ਮੁਕਾਬਲੇ ਤਿੰਨ ਗੁਣਾ ਵਧ ਥੋੜ੍ਹੇ ਸਮੇਂ ਦੇ ਸੌਦੇ ਸਨ, ਯਾਨੀ ਕੁਝ ਕਾਰੋਬਾਰੀਆਂ ਨੇ ਤੇਲਾਂ 'ਤੇ ਦਰਾਮਦ ਡਿਊਟੀ ਵਧਣ ਤੋਂ ਪਹਿਲਾਂ ਹੀ ਵੱਡੀ ਮਾਤਰਾ 'ਚ ਖਰੀਦਦਾਰੀ ਕਰ ਲਈ। ਇਸ ਦਾ ਮਤਲਬ ਹੈ ਕਿ ਖਰੀਦਦਾਰ ਕਾਰੋਬਾਰੀਆਂ ਨੂੰ ਦਰਾਮਦ ਡਿਊਟੀ 'ਚ ਭਾਰੀ ਵਾਧੇ ਦਾ ਪਤਾ ਸੀ। ਹੁਣ ਇਸ ਨੂੰ ਅੰਦਰ ਖਾਤੇ ਦੀ ਜਾਣਕਾਰੀ ਕਹੋ ਜਾਂ ਸਟੀਕ ਅੰਦਾਜ਼ਾ ਪਰ ਵੱਡੇ ਕਾਰੋਬਾਰੀਆਂ ਨੂੰ ਖਾਣ ਵਾਲੇ ਤੇਲ 'ਤੇ ਦਰਾਮਦ ਡਿਊਟੀ ਵਧਣ ਦੀ ਪਹਿਲਾਂ ਹੀ ਭਣਕ ਸੀ। ਇਸ ਲਈ ਪੂਰੇ ਤੇਲ ਬਾਜ਼ਾਰ 'ਚ ਸ਼ਾਰਟ ਪੁਜ਼ੀਸ਼ਨ ਸੀ। ਇਹੀ ਹਾਲ ਐੱਮ. ਸੀ. ਐਕਸ. 'ਤੇ ਰਿਹਾ। ਖਰੀਦਦਾਰੀ ਵਧਣ ਨਾਲ ਐਕਸਚੇਂਜ਼ਾਂ 'ਤੇ ਸੋਮਵਾਰ ਨੂੰ ਕੱਚੇ ਪਾਮ ਤੇਲ ਅਤੇ ਸੋਇਆ ਤੇਲ ਦੀਆਂ ਕੀਮਤਾਂ 4 ਫੀਸਦੀ ਦੇ ਉੱਪਰੀ ਪੱਧਰ ਨੂੰ ਛੂਹ ਗਈਆਂ।

ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਕ ਵੱਡੇ ਕਾਰੋਬਾਰੀ ਨੇ ਦਰਾਮਦ ਡਿਊਟੀ 'ਚ ਭਾਰੀ ਵਾਧੇ ਤੋਂ ਪਹਿਲਾਂ ਖਰੀਦ ਪੁਜ਼ੀਸ਼ਨ ਵਧਾਈ ਅਤੇ ਹੁਣ ਕੀਮਤਾਂ 'ਚ ਵਾਧੇ ਨਾਲ ਉਹ ਤਗੜਾ ਮੁਨਾਫਾ ਕਮਾ ਰਿਹਾ ਹੈ। ਇਸ ਦੇ ਉਲਟ ਮਲੇਸ਼ੀਆਈ ਜਿਣਸ ਐਕਸਚੇਂਜ਼ 'ਤੇ ਕੱਚਾ ਪਾਮ ਤੇਲ ਵਾਇਦਾ ਸ਼ੁੱਕਰਵਾਰ ਨੂੰ ਤਕਰੀਬਨ 3 ਫੀਸਦੀ ਡਿੱਗਿਆ। ਇਹ ਇਸ ਚਿੰਤਾ 'ਚ ਡਿੱਗਿਆ ਕਿ ਦਰਾਮਦ ਡਿਊਟੀ ਵਧਣ ਨਾਲ ਭਾਰਤੀ ਦਰਾਮਦ ਘਟੇਗੀ। ਇਸ ਦੇ ਇਲਾਵਾ ਇੰਦੌਰ ਦੀ ਥੋਕ ਮੰਡੀਆਂ 'ਚ ਬੈਂਚਮਾਰਕ ਸੋਇਆਬੀਨ ਦੇ ਮੁੱਲ ਸੋਮਵਾਰ ਨੂੰ 2,700 ਰੁਪਏ ਤੋਂ ਵਧ ਕੇ 2,800 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਏ। ਹਾਲਾਂਕਿ ਇਹ ਹੁਣ ਵੀ ਸਰਕਾਰ ਦੇ 3,050 ਰੁਪਏ ਦੇ ਸਮਰਥਨ ਮੁੱਲ ਤੋਂ ਘੱਟ ਹੈ। ਸਰਕਾਰ ਨੇ ਦਰਾਮਦ ਡਿਊਟੀ 'ਚ ਭਾਰੀ ਵਾਧੇ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਦੇਸ਼ 'ਚ ਤੇਲ ਬੀਜਾਂ ਦਾ ਭਾਰੀ ਉਤਪਾਦਨ ਹੋਇਆ ਹੈ ਅਤੇ ਕਿਸਾਨਾਂ ਨੂੰ ਇਨ੍ਹਾਂ ਦੀ ਚੰਗੀ ਕੀਮਤ ਨਹੀਂ ਮਿਲ ਰਹੀ ਹੈ।


Related News