‘ਰੂੰ ਬਾਜ਼ਾਰ ਮੂਧੇ ਮੂੰਹ ਡਿਗਿਆ, ਸਟਾਕਿਸਟਾਂ ਦੇ ਨਿਕਲੇ ਪਸੀਨੇ

03/23/2021 11:04:28 AM

ਜੈਤੋ (ਪਰਾਸ਼ਰ) – ਭਾਰਤ ’ਚ ਚਾਲੂ ਸਾਉਣੀ ਸੀਜ਼ਨ ਦੌਰਾਨ ਹੁਣ ਤੱਕ ਲਗਭਗ 3 ਕਰੋੜ ਗੰਢਾਂ ਵ੍ਹਾਈਟ ਗੋਲਡ ਦੀਆਂ ਪਹੁੰਚਣ ਦੀ ਸੂਚਨਾ ਹੈ। ਇਸ ਸਾਲ 3.60 ਤੋਂ 3.65 ਕਰੋੜ ਗੰਢਾਂ ਵ੍ਹਾਈਟ ਗੋਲਡ ਦੀ ਪੈਦਾਵਾਰ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਇਹ ਅੰਕੜਾ ਤੇਜੜੀਆਂ ਦੇ ਗਲੇ ’ਚੋਂ ਨਹੀਂ ਉਤਰ ਰਿਹਾ ਹੈ।

ਤੇਜੜੀਆਂ ਨੇ ਰੂੰ ’ਚ ਮੋਟਾ ਉਛਾਲ ਆਉਣ ਦੀ ਉਮੀਦ ਨੂੰ ਲੈ ਕੇ ਲੱਖਾਂ ਗੰਢਾਂ ਰੂੰ ਦਾ ਸਟਾਕ ਕਰ ਲਿਆ। ਉਨ੍ਹਾਂ ਨੂੰ ਉਮੀਦ ਸੀ ਕਿ ਰੂੰ ਦੀਆਂ ਕੀਮਤਾਂ ਛੇਤੀ ਹੀ 5000 ਰੁਪਏ ਪ੍ਰਤੀ ਮਣ ਹੋਣਗੀਆਂ ਜਦੋਂ ਕਿ ਲੋਕਾਂ ਦਾ ਕਹਿਣਾ ਸੀ ਕਿ ਰੂੰ 7000 ਰੁਪਏ ਪ੍ਰਤੀ ਮਣ ਆਪਣੀਆਂ ਰਿਕਾਰਡ ਕੀਮਤਾਂ ਬਣਾਉਣਗੀਆਂ ਪਰ ਰੂੰ ਬਾਜ਼ਾਰ ਅਚਾਨਕ ਮੂਧੇ ਮੂੰਹ ਡਿਗਿਆ ਹੈ, ਜਿਸ ਨਾਲ ਰੂੰ ਤੇਜੜੀਆਂ (ਸਟਾਕਿਸਟਾਂ) ਦੇ ਪਸੀਨੇ ਛੁੱਟਣ ਲੱਗੇ ਹਨ ਕਿਉਂਕਿ ਹਾਜ਼ਰ ਰੂੰ ’ਚ 220 ਰੁਪਏ ਮਣ ਤੋਂ ਵੱਧ ਦੀ ਮੰਦੀ ਆ ਗਈ ਹੈ। ਭਾਰਤੀ ਰੂੰ ਬਾਜ਼ਾਰ ’ਚ 220 ਰੁਪਏ ਪ੍ਰਤੀ ਮਣ ਦੀ ਗਿਰਾਵਟ ਨੂੰ ਵੱਡੀ ਮੰਦੀ ਮੰਨਿਆ ਜਾਂਦਾ ਹੈ।

ਸੋਮਵਾਰ ਨੂੰ ਵੀ ਸਵੇਰੇ ਤੋਂ ਸ਼ਾਮ ਤੱਕ ਰੂੰ ਕੀਮਤਾਂ ’ਚ 20-30 ਰੁਪਏ ਮੰਦੀ ਆਈ ਹੈ। ਉਥੇ ਹੀ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਆਪਣੀਆਂ ਸਾਲ 2019-20 ਅਤੇ ਸਾਲ 2020-21 ਦੀਆਂ ਰੂੰ ਕੀਮਤਾਂ ’ਚ 800-1100 ਰੁਪਏ ਪ੍ਰਤੀ ਕੈਂਡੀ ਕੀਮਤਾਂ ਘੱਟ ਕਰਨ ਦਾ ਐਲਾਨ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਰੂੰ ਬਾਜ਼ਾਰ ’ਚ ਮੰਦੀ ਦਾ ਕਾਰਣ ਭਾਰਤ ’ਚ ਇਕ ਵਾਰ ਮੁੜ ਕੋਰੋਨਾ ਵਾਇਰਸ ਫੈਲਣਾ ਹੈ।


Harinder Kaur

Content Editor

Related News