ਪੰਜਾਬ ਦੇ ਕਿਸਾਨਾਂ ''ਤੇ GST ਦਾ ਬੋਝ, ਖੇਤੀ ਆਮਦਨ ਨੂੰ ਲੱਗੇਗਾ ਝਟਕਾ!

07/17/2017 11:40:22 AM

ਜਲੰਧਰ— 1 ਜੁਲਾਈ ਤੋਂ ਪੂਰੇ ਦੇਸ਼ 'ਚ ਲਾਗੂ ਹੋ ਚੁੱਕੇ ਜੀ. ਐੱਸ. ਟੀ. ਨਾਲ ਪੰਜਾਬ ਦੇ ਖੇਤੀ ਖੇਤਰ ਨੂੰ ਝਟਕਾ ਲੱਗਾ ਹੈ ਪਰ ਬਹੁਤ ਸਾਰੇ ਸੂਬਿਆਂ 'ਚ ਰਾਹਤ ਵੀ ਮਿਲੀ ਹੈ। ਇਹ ਰਾਹਤ ਉਨ੍ਹਾਂ ਸੂਬਿਆਂ 'ਚ ਹੈ ਜਿੱਥੇ ਪਹਿਲਾਂ ਟੈਕਸ ਦਰ ਬਹੁਤ ਜ਼ਿਆਦਾ ਸੀ ਅਤੇ ਹੁਣ ਜੀ. ਐੱਸ. ਟੀ. ਤੋਂ ਬਾਅਦ ਇਹ ਦਰ ਘੱਟ ਗਈ ਹੈ। ਉੱਥੇ ਹੀ, ਪੰਜਾਬ 'ਚ ਖਾਦਾਂ, ਕੀਟ ਅਤੇ ਨਦੀਨਾਸ਼ਕਾਂ ਦੀ ਸਭ ਤੋਂ ਵਧ ਵਰਤੋਂ ਕਾਰਨ ਖੇਤੀ ਸੈਕਟਰ 'ਤੇ ਸਾਲਾਨਾ 100 ਕਰੋੜ ਦਾ ਬੋਝ ਪਵੇਗਾ। ਫਸਲਾਂ ਦੀ ਵਧ ਤੋਂ ਵਧ ਪੈਦਾਵਾਰ ਲਈ ਪੰਜਾਬ ਦਾ ਕਿਸਾਨ ਇਨ੍ਹਾਂ ਸਾਧਨਾਂ ਦੀ ਵਰਤੋਂ 'ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ। ਇਸ ਤਹਿਤ ਪੰਜਾਬ 'ਚ ਸਾਲਾਨਾ 25 ਲੱਖ ਟਨ ਯੂਰੀਆ ਦੀ ਲੋੜ ਪੈਂਦੀ ਹੈ। ਖਾਦਾਂ 'ਤੇ ਪਹਿਲਾਂ ਕੋਈ ਵੈਟ ਨਹੀਂ ਸੀ ਜਦੋਂ ਕਿ 1 ਫੀਸਦੀ ਐਕਸਾਈਜ਼ ਡਿਊਟੀ ਅਤੇ 1 ਫੀਸਦੀ ਹੋਰ ਡਿਊਟੀ ਮਿਲਾ ਕੇ 2 ਫੀਸਦੀ ਟੈਕਸ ਲੱਗਦਾ ਸੀ। ਇਸ ਤੋਂ ਇਲਾਵਾ ਪੰਜਾਬ 'ਚ ਕੀਟਨਾਸ਼ਕ ਦਵਾਈਆਂ 'ਤੇ ਟੈਕਸ ਨਹੀਂ ਸੀ ਪਰ ਇਸ 'ਤੇ ਕੇਂਦਰੀ ਐਕਸਾਈਜ਼ ਡਿਊਟੀ 12.5 ਫੀਸਦੀ ਲੱਗਦੀ ਸੀ, ਹੁਣ ਇਸ 'ਤੇ 18 ਫੀਸਦੀ ਜੀ. ਐੱਸ. ਟੀ. ਹੈ। ਅਜਿਹੇ 'ਚ ਖੇਤੀ ਦਾ ਖਰਚ ਪਹਿਲਾਂ ਨਾਲੋਂ ਵਧ ਜਾਵੇਗਾ। ਕੁੱਲ ਮਿਲਾ ਕੇ ਖੇਤੀ ਖੇਤਰ 'ਤੇ ਸਾਲਾਨਾ ਸੌ ਕਰੋੜ ਦਾ ਵਾਧੂ ਭਾਰ ਪਵੇਗਾ। ਉੱਥੇ ਹੀ ਟਰੈਕਟਰ ਅਤੇ ਹੋਰ ਸੰਦਾਂ 'ਤੇ ਹੁਣ ਜੀ. ਐੱਸ. ਟੀ. ਵੈਟ ਨਾਲੋਂ ਵਧ ਹੋਵੇਗਾ। ਟਰੈਕਟਰ ਅਤੇ ਹੋਰ ਸੰਦਾਂ 'ਤੇ 18 ਫੀਸਦੀ ਜੀ. ਐੱਸ. ਟੀ. ਹੋਣ ਕਾਰਨ ਟਰੈਕਟਰਾਂ ਦੇ ਮੁੱਲ ਵਧ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਹਰ ਸਾਲ ਲਗਭਗ 25 ਹਜ਼ਾਰ ਟਰੈਕਟਰ ਵਿਕਦੇ ਹਨ। ਇਸ ਤੋਂ ਇਲਾਵਾ ਪੰਜਾਬ 'ਚ ਯੂਰੀਆ ਦੀਆਂ ਕੀਮਤਾਂ ਵਧ ਚੁੱਕੀਆਂ ਹਨ, ਜਿਹੜਾ 50 ਕਿਲੋ ਦਾ ਬੋਰਾ ਪਹਿਲਾਂ 284 ਰੁਪਏ ਦਾ ਸੀ ਹੁਣ ਉਹ 295 ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ ਕੀਟਨਾਸ਼ਕ ਵੀ ਮਹਿੰਗੇ ਹੋ ਗਏ ਹਨ।


Related News