12 ਫੀਸਦੀ ਘਟੇਗਾ ਕਪਾਹ ਦਾ ਰਕਬਾ, ਮਹਿੰਗੇ ਹੋਣਗੇ ਕਪੜੇ!
Wednesday, Mar 21, 2018 - 12:46 PM (IST)
ਮੁੰਬਈ— ਵਿਸ਼ਵ 'ਚ ਸਭ ਤੋਂ ਵਧ ਕਪਾਹ ਉਤਪਾਦਨ ਕਰਨ ਵਾਲੇ ਭਾਰਤ 'ਚ 2018-19 ਫਸਲ ਸੀਜ਼ਨ ਲਈ ਕਪਾਹ ਬਿਜਾਈ ਦਾ ਰਕਬਾ 12 ਫੀਸਦੀ ਘੱਟ ਸਕਦਾ ਹੈ। ਇਸ ਵਾਰ ਗੁਲਾਬੀ ਕੀਟ ਦੇ ਹਮਲੇ ਨਾਲ ਫਸਲ ਬਰਾਬਾਦ ਹੋਣ ਕਾਰਨ ਕਿਸਾਨਾਂ ਦੀ ਆਮਦਨ 'ਚ ਕਮੀ ਆਈ ਹੈ ਅਤੇ ਇਸ ਵਾਰ ਕਿਸਾਨ ਕੋਈ ਦੂਜੀ ਫਸਲ ਬੀਜ ਸਕਦੇ ਹਨ। ਇੰਡਸਟਰੀ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬਿਜਾਈ ਰਕਬੇ 'ਚ ਕਮੀ ਨਾਲ ਭਾਰਤ ਦਾ ਐਕਸਪੋਰਟ ਵੀ ਘੱਟ ਸਕਦਾ ਹੈ, ਜਿਸ ਕਾਰਨ ਕੌਮਾਂਤਰੀ ਪੱਧਰ 'ਤੇ ਕਪਾਹ ਕੀਮਤਾਂ 'ਚ ਹੋਰ ਤੇਜ਼ੀ ਆਵੇਗੀ। ਜੇਕਰ ਕਪਾਹ ਦੇ ਮੁੱਲ ਵਧਦੇ ਹਨ, ਤਾਂ ਕਾਟਨ ਫਾਈਬਰ ਦੀ ਜਰਸੀ, ਵੈਲਵੈੱਟ, ਜੁਰਾਬਾਂ, ਟੀ-ਸ਼ਰਟ ਆਦਿ ਚੀਜ਼ਾਂ ਦੇ ਵੀ ਰੇਟ ਵਧਣਗੇ।
ਭਾਰਤੀ ਕਪਾਹ ਸੰਘ (ਸੀ. ਏ. ਆਈ.) ਦੇ ਮੁਖੀ ਮੁਤਾਬਕ ਪਿੰਕ ਬਾਲਵਰਮ ਦੇ ਹਮਲੇ ਕਾਰਨ ਮਹਾਰਾਸ਼ਟਰ ਅਤੇ ਕਰਨਾਟਕ 'ਚ ਬਿਜਾਈ ਰਕਬੇ 'ਚ ਕਮੀ ਦੇਖੀ ਜਾ ਰਹੀ ਹੈ। ਇਨ੍ਹਾਂ ਸੂਬਿਆਂ 'ਚ ਕਿਸਾਨ ਸੋਇਆਬੀਨ ਵਰਗੀਆਂ ਦੂਜੀਆਂ ਫਸਲਾਂ ਦਾ ਰੁਖ ਕਰ ਸਕਦੇ ਹਨ। ਕਪਾਹ ਉਤਪਾਦਨ ਦੇ ਪ੍ਰਮੁੱਖ ਸੂਬੇ ਮਹਾਰਾਸ਼ਟਰ ਅਤੇ ਤੇਲੰਗਾਨਾ 'ਚ ਕੀਟ ਦੇ ਹਮਲੇ ਕਾਰਨ ਫਸਲ ਉਤਪਾਦਨ 'ਚ ਕਮੀ ਆਈ ਹੈ ਅਤੇ ਕੀਟਨਾਸ਼ਕਾਂ ਦੇ ਜ਼ਿਆਦਾ ਇਸਤੇਮਾਲ ਨਾਲ ਕਿਸਾਨਾਂ ਦਾ ਖਰਚ ਵੀ ਵਧ ਗਿਆ। ਸੀ. ਏ. ਆਈ. ਦੇ ਮੁਖੀ ਦਾ ਅੰਦਾਜ਼ਾ ਹੈ ਕਿ ਅਕਤੂਬਰ 'ਚ ਸ਼ੁਰੂ ਹੋਣ ਵਾਲੇ ਫਸਲ ਸੀਜ਼ਨ 'ਚ 2018-19 ਲਈ ਬਿਜਾਈ ਰਕਬਾ ਘੱਟ ਹੋ ਕੇ 108 ਲੱਖ ਹੈਕਟੇਅਰ ਹੋ ਸਕਦਾ ਹੈ, ਜੋ ਮੌਜੂਦਾ ਸਤਰ 'ਚ 122.6 ਲੱਖ ਹੈਕਟੇਅਰ ਹੈ।
