ਬੈਂਕਾਕ ਦੀ ਟਿਕਟ ਕਰਾ ਰਹੇ ਹੋ, ਤਾਂ ਜਾਣ ਲਓ ਇਹ ਨਵਾਂ ਨਿਯਮ

03/09/2020 4:02:38 PM

ਬੈਂਕਾਕ— ਥਾਈਲੈਂਡ ਦੀ ਟਿਕਟ ਬੁੱਕ ਕਰਾ ਰਹੇ ਹੋ ਤਾਂ ਨਵਾਂ ਨਿਯਮ ਜ਼ਰੂਰ ਜਾਣ ਲਓ। ਉਹ ਇਹ ਹੈ ਕਿ ਹੁਣ ਬੈਂਕਾਕ ਲਈ ਫਲਾਈਟ 'ਚ ਚੜ੍ਹਨ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਬਿਲਕੁਲ ਠੀਕ-ਠਾਕ ਹੋ ਅਤੇ ਤੁਹਾਨੂੰ ਕੋਰੋਨਾਵਾਇਰਸ ਨਹੀਂ ਹੈ। ਇਸ ਲਈ ਤੁਹਾਨੂੰ ਬਕਾਇਦਾ ਸਿਹਤ ਸਰਟੀਫਿਕੇਟ ਦਿਖਾਉਣਾ ਹੋਵੇਗਾ। ਹਵਾਬਾਜ਼ੀ ਰੈਗੂਲੇਟਰ ਨੇ ਏਅਰਲਾਈਨਜ਼ ਨੂੰ ਹਵਾਈ ਮੁਸਾਫਰਾਂ ਕੋਲੋਂ ਸਿਹਤ ਸਰਟੀਫਿਕੇਟ ਮੰਗਣ ਲਈ ਕਿਹਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਨਵੇਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਨਹੀਂ ਹਨ।

 

ਥਾਈਲੈਂਡ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਸੋਮਵਾਰ ਨੂੰ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਹੈ। ਇਸ 'ਚ ਉਸ ਨੇ ਏਅਰਲਾਈਨਜ਼ ਨੂੰ ਹੁਕਮ ਦਿੱਤਾ ਹੈ ਕਿ ਜੋ ਯਾਤਰੀ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਦੇ ਉਨ੍ਹਾਂ ਨੂੰ ਫਲਾਈਟ 'ਚ ਚੜ੍ਹਨ ਤੋਂ ਰੋਕ ਦਿੱਤਾ ਜਾਵੇ।

ਇਟਲੀ ਸਮੇਤ ਇਨ੍ਹਾਂ 6 ਦੇਸ਼ਾਂ 'ਤੇ ਹੋਵੇਗਾ ਲਾਗੂ-
ਥਾਈਲੈਂਡ ਨੇ ਸਖਤੀ ਨਾਲ ਕਿਹਾ ਹੈ ਕਿ ਜੋ ਵੀ ਹਵਾਈ ਜਹਾਜ਼ ਕੰਪਨੀ ਕਿਸੇ ਵੀ ਕੋਵਿਡ-19 ਨਾਲ ਇਨਫੈਕਡ ਸ਼ਖਸ ਨੂੰ ਲੈ ਕੇ ਆਵੇਗੀ ਉਸ ਨੂੰ ਹੀ ਉਸ ਦੇ ਇਲਾਜ ਦਾ ਸਾਰਾ ਖਰਚ ਚੁੱਕਣਾ ਪਵੇਗਾ। ਫਿਲਹਾਲ ਇਹ ਨਵਾਂ ਨਿਯਮ ਚੀਨ, ਹਾਂਗਕਾਂਗ, ਮਕਾਓ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਤੋਂ ਸਫਰ ਕਰਨ ਵਾਲੇ ਮੁਸਾਫਰਾਂ ਲਈ ਲਾਗੂ ਕੀਤਾ ਗਿਆ ਹੈ, ਯਾਨੀ ਇਨ੍ਹਾਂ 6 ਦੇਸ਼ਾਂ ਤੋਂ ਜੋ ਵੀ ਯਾਤਰੀ ਥਾਈਲੈਂਡ ਲਈ ਜਹਾਜ਼ 'ਚ ਚੜ੍ਹਨਗੇ ਉਨ੍ਹਾਂ ਨੂੰ ਪਹਿਲਾਂ ਸਬੂਤ ਦੇਣਾ ਹੋਵੇਗਾ ਕਿ ਉਹ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਨਹੀਂ ਹਨ।
ਥਾਈਲੈਂਡ ਦੀ ਟੂਰਿਜ਼ਮ ਅਥਾਰਟੀ ਨੇ ਵੀ ਕਿਹਾ ਹੈ ਕਿ ਇਨ੍ਹਾਂ 6 ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨ ਅਲੱਗ-ਅਲੱਗ ਰੱਖਿਆ ਜਾਵੇਗਾ। ਬੈਂਕਾਕ ਸਰਕਾਰ ਨੇ ਕਿਹਾ ਕਿ ਹੁਣ ਵੀ ਯਾਤਰੀ ਵਿਚਾਰ ਕਰ ਲੈਣ ਕੇ ਉਨ੍ਹਾਂ ਨੂੰ ਸਫਰ ਕਰਨਾ ਚਾਹੀਦਾ ਹੈ? ਜ਼ਿਕਰਯੋਗ ਹੈ ਕਿ ਚੀਨ ਮਗਰੋਂ ਦੂਜੇ ਨੰਬਰ 'ਤੇ ਇਟਲੀ ਹੈ, ਜਿਸ 'ਚ ਮੌਤਾਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਰਿਹਾ ਹੈ। ਪਿਛਲੇ ਦਿਨ ਇਟਲੀ 'ਚ 133 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ, ਜਿਸ ਨਾਲ ਉੱਥੋ ਕੁੱਲ ਗਿਣਤੀ 366 ਹੋ ਗਈ ਹੈ।


Related News