IPO ਦੀ ਤਿਆਰੀ ਤੋਂ ਪਹਿਲਾਂ ਓਲਾ 'ਚ ਹੋਇਆ 50 ਕਰੋੜ ਡਾਲਰ ਦਾ ਨਿਵੇਸ਼
Friday, Jul 09, 2021 - 02:03 PM (IST)
ਨਵੀਂ ਦਿੱਲੀ- ਓਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟੇਮਾਸੇਕ, ਵਾਰਗਬਰਗ ਪਿੰਕਸ ਨਾਲ ਜੁੜੀ ਪਲਮ ਵੁਡ ਇਨਵੈਸਟਮੈਂਟ ਅਤੇ ਓਲਾ ਦੇ ਸੰਸਥਾਪਕ ਭਾਵਿਸ਼ ਅਗਰਵਾਲ ਨੇ ਕੰਪਨੀ ਦੇ ਪ੍ਰਸਤਾਵਿਤ ਆਓ. ਪੀ. ਓ. ਤੋਂ ਪਹਿਲਾਂ ਉਸ ਵਿਚ 50 ਕਰੋੜ ਅਮਰੀਕੀ ਡਾਲਰ (ਲਗਭਗ 3,733 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ।
ਓਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਫੰਡਾਂ ਵੱਲੋਂ ਭਾਰਤੀ ਖਪਤਕਾਰ ਇੰਟਰਨੈੱਟ ਖੇਤਰ ਵਿਚ ਇਹ ਸਭ ਤੋਂ ਵੱਡਾ ਨਿਵੇਸ਼ ਹੈ।
ਓਲਾ ਆਪਣੇ ਰਾਈਡ ਹੋਲਿੰਗ ਕਾਰੋਬਾਰ ਦਾ ਵੱਖ-ਵੱਖ ਸ਼੍ਰੇਣੀਆਂ ਤੇ ਭਗੌਲਿਕ ਖੇਤਰਾਂ ਵਿਚ ਵਿਸਥਾਰ ਕਰ ਰਹੀ ਹੈ। ਕੰਪਨੀ ਦੇ ਚੇਅਰਮੈਨ ਤੇ ਸਮੂਹ ਸੀ. ਈ. ਓ. ਭਾਵਿਸ਼ ਅਗਰਵਾਲ ਨੇ ਕਿਹਾ, "ਪਿਛਲੇ 12 ਮਹੀਨਿਆਂ ਵਿਚ ਅਸੀਂ ਆਪਣੇ ਰਾਈਡ-ਹੋਲਿੰਗ ਕਾਰੋਬਾਰ ਨੂੰ ਹੋਰ ਜ਼ਿਆਦਾ ਮਜਬੂਤ, ਲਚੀਲਾ ਅਤੇ ਕਾਰਗਰ ਬਣਾਇਆ ਹੈ।" ਰਾਈਡ ਹੋਲਿੰਗ ਕਾਰੋਬਾਰ ਤਹਿਤ ਆਨਲਾਈਨ ਜਾਂ ਐਪਲੀਕੇਸ਼ਨ ਆਧਾਰਿਤ ਮੰਚਾਂ ਜ਼ਰੀਏ ਯੂਜ਼ਰਜ਼ ਨਿੱਜੀ ਗੱਡੀ ਜਾਂ ਡਰਾਇਵਰ ਕਿਰਾਏ 'ਤੇ ਲੈ ਸਕਦੇ ਹਨ। ਅਗਰਵਾਲ ਨੇ ਕਿਹਾ ਕਿ ਉਹ ਵਿਕਾਸ ਦੇ ਅਗਲੇ ਪੜਾਅ ਵਿਚ ਨਵੇਂ ਹਿੱਸੇਦਾਰਾਂ ਨੂੰ ਲੈਣ ਲਈ ਉਤਸੁਕ ਹਨ। ਕੰਪਨੀ ਨੇ ਹਾਲਾਂਕਿ, ਆਪਣੇ ਪ੍ਰਸਤਾਵਿਤ ਆਈ. ਪੀ. ਓ. ਲਈ ਕੋਈ ਸਮਾਂ-ਸੀਮਾ ਨਹੀਂ ਦੱਸੀ।