ਜੇਬ ’ਤੇ ਭਾਰੀ ਪੈ ਸਕਦੈ ਇੰਟਰਨੈੱਟ ਚਲਾਉਣਾ, ਟੈਰਿਫ ਵਧਾਉਣ ਦੀ ਤਿਆਰੀ ’ਚ ਦੂਰਸੰਚਾਰ ਵਿਭਾਗ
Sunday, Nov 10, 2019 - 01:49 AM (IST)
ਨਵੀਂ ਦਿੱਲੀ ਇੰਟ.)-ਆਉਣ ਵਾਲੇ ਦਿਨਾਂ ’ਚ ਤੁਹਾਡੇ ਮੋਬਾਇਲ ਬਿੱਲ ’ਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਟੈਰਿਫ ’ਚ ਵਾਧਾ ਕੀਤਾ ਜਾ ਸਕਦਾ ਹੈ। ਦਰਅਸਲ ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਇਕ ਅੰਦਾਜ਼ਾ ਲਾਇਆ ਹੈ ਕਿ ਜੇਕਰ ਟੈਰਿਫ ’ਚ 10 ਫ਼ੀਸਦੀ ਦਾ ਵਾਧਾ ਕਰ ਦਿੱਤਾ ਜਾਵੇ ਤਾਂ ਟੈਲੀਕਾਮ ਕੰਪਨੀਆਂ ਨੂੰ ਅਗਲੇ 3 ਸਾਲਾਂ ’ਚ ਲਗਭਗ 35,000 ਕਰੋਡ਼ ਰੁਪਏ ਦੀ ਵਾਧੂ ਕਮਾਈ ਹੋਵੇਗੀ। ਇਸ ਨਾਲ ਕੰਪਨੀਆਂ ਨੂੰ ਵਿੱਤੀ ਹਾਲਤ ਸੁਧਾਰਨ ’ਚ ਮਦਦ ਮਿਲੇਗੀ।
ਟੈਲੀਕਾਮ ਰੈਗੂਲੇਟਰ ਨੇ ਲੈਣਾ ਹੈ ਅੰਤਿਮ ਫੈਸਲਾ
ਡੀ. ਓ. ਟੀ. ਦੇ ਅਧਿਕਾਰੀਆਂ ਅਨੁਸਾਰ ਟੈਰਿਫ ’ਚ ਵਾਧੇ ਦਾ ਅੰਤਿਮ ਫੈਸਲਾ ਟੈਲੀਕਾਮ ਰੈਗੂਲੇਟਰ ਨੇ ਲੈਣਾ ਹੈ। ਇਸ ਦੇ ਲਈ ਡੀ. ਓ. ਟੀ. ਆਪਣੇ ਅੰਕੜੇ ਰੈਗੂਲੇਟਰ ਨੂੰ ਦੇਵੇਗਾ। ਡੀ. ਓ. ਟੀ. ਨੇ ਜੋ ਅੰਦਾਜ਼ਾ ਲਾਇਆ ਹੈ, ਉਹ ਔਸਤਨ ਮਾਲੀਆ ਪ੍ਰਤੀ ਵਰਤੋਂਕਰਤਾ (ਏ. ਆਰ. ਪੀ. ਯੂ.) ’ਤੇ ਆਧਾਰਿਤ ਹੈ ਜੋ ਮੌਜੂਦਾ ਸਮੇਂ ’ਚ 120-130 ਰੁਪਏ ਹੈ। ਡੀ. ਓ. ਟੀ. ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਏ. ਆਰ. ਪੀ. ਯੂ. ’ਚ 10 ਫ਼ੀਸਦੀ ਯਾਨੀ ਲਗਭਗ 11 ਰੁਪਏ ਦਾ ਵਾਧਾ ਕਰ ਦੇਈਏ ਤਾਂ ਇਹ 141 ਰੁਪਏ ਦੇ ਲਗਭਗ ਆ ਜਾਵੇਗਾ। ਇਸ ਨਾਲ ਕੰਪਨੀਆਂ ਨੂੰ ਸਾਲਾਨਾ 11,000 ਕਰੋਡ਼ ਰੁਪਏ ਅਤੇ 3 ਸਾਲ ’ਚ 35,000 ਕਰੋਡ਼ ਰੁਪਏ ਦੀ ਵਾਧੂ ਕਮਾਈ ਹੋਵੇਗੀ।
ਡਾਟਾ ਦੀ ਕੀਮਤ ’ਚ ਕੀਤਾ ਜਾ ਸਕਦੈ ਵਾਧਾ
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ’ਚ ਡਾਟਾ ਖਪਤ ’ਚ ਤੇਜ਼ੀ ਆਈ ਹੈ, ਇਸ ਲਈ ਟੈਲੀਕਾਮ ਇੰਡਸਟਰੀ ਡਾਟਾ ਦੀ ਕੀਮਤ ’ਚ ਪ੍ਰਤੀ ਜੀ. ਬੀ. 10 ਰੁਪਏ ਦਾ ਵਾਧਾ ਕਰੇਗੀ। ਟਰਾਈ ਦੇ ਅੰਕੜਿਆਂ ਅਨੁਸਾਰ ਡਾਟਾ ਦੀਆਂ ਕੀਮਤਾਂ ’ਚ ਬੀਤੇ 3 ਸਾਲਾਂ ’ਚ 95 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 2015 ਦੇ 226 ਰੁਪਏ ਪ੍ਰਤੀ ਜੀ. ਬੀ. ਦੇ ਮੁਕਾਬਲੇ ਅੱਜ ਡਾਟਾ 11.78 ਰੁਪਏ ਪ੍ਰਤੀ ਜੀ. ਬੀ. ’ਤੇ ਮਿਲ ਰਿਹਾ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਕਰ ਰਹੀ ਵਿਚਾਰ
ਹਾਲ ਹੀ ’ਚ ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ ਸਰਕਾਰ ਨੂੰ 1.3 ਲੱਖ ਕਰੋਡ਼ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਹੁਕਮ ਤੋਂ ਬਾਅਦ ਟੈਲੀਕਾਮ ਕੰਪਨੀਆਂ ਸਾਹਮਣੇ ਵਿੱਤੀ ਸੰਕਟ ਪੈਦਾ ਹੋ ਗਿਆ ਹੈ। ਟੈਲੀਕਾਮ ਕੰਪਨੀਆਂ ਨੂੰ ਇਸ ਸੰਕਟ ’ਚੋਂ ਕੱਢਣ ਲਈ ਸਰਕਾਰ ਕਈ ਮੁੱਦਿਆਂ ’ਤੇ ਵਿਚਾਰ ਕਰ ਰਹੀ ਹੈ। ਸਕੱਤਰਾਂ ਦੀ ਇਕ ਕਮੇਟੀ ਟੈਲੀਕਾਮ ਸੈਕਟਰ ਨੂੰ ਇਸ ਸੰਕਟ ’ਚੋਂ ਕੱਢਣ ਲਈ ਰਾਹ ਲੱਭਣ ’ਤੇ ਕੰਮ ਕਰ ਰਹੀ ਹੈ।