ਵੱਡੀ ਰਾਹਤ! 35 ਰੁਪਏ ਕਿਲੋ ਪਿਆਜ਼ ਵੇਚੇਗੀ ਇਹ ਸੂਬਾ ਸਰਕਾਰ
Saturday, Oct 24, 2020 - 08:52 PM (IST)
ਹੈਦਰਾਬਾਦ— ਤੇਲੰਗਾਨਾ ਸਰਕਾਰ ਨੇ ਸ਼ਨੀਵਾਰ ਨੂੰ ਕਿਸਾਨ ਬਾਜ਼ਾਰਾਂ ਜ਼ਰੀਏ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਖੁੱਲ੍ਹੇ ਬਾਜ਼ਾਰਾਂ 'ਚ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ। ਇਕ ਅਧਿਕਾਰਤ ਬਿਆਨ ਮੁਤਾਬਕ, ਤੇਲੰਗਾਨਾ ਸਰਕਾਰ ਵੱਲੋਂ ਚਲਾਏ ਜਾ ਰਹੇ 11 ਕਿਸਾਨ ਬਾਜ਼ਾਰਾਂ 'ਚ ਅੱਜ ਤੋਂ ਸਸਤੀ ਦਰਾਂ 'ਤੇ ਪਿਆਜ਼ ਮਿਲਣ ਲੱਗਾ ਹੈ।
ਸੂਬੇ ਦੀ ਰਾਜਧਾਨੀ 'ਚ ਸਥਿਤ ਕਿਸਾਨ ਬਾਜ਼ਾਰਾਂ 'ਚ ਛੋਟੇ ਕਿਸਾਨ ਸਿੱਧੇ ਗਾਹਕਾਂ ਨੂੰ ਸਬਜ਼ੀਆਂ ਵੇਚ ਸਕਦੇ ਹਨ। ਬਿਆਨ ਮੁਤਾਬਕ, ਇਕ ਵਿਅਕਤੀ ਨੂੰ ਸਿਰਫ ਦੋ ਕਿਲੋ ਪਿਆਜ਼ ਹੀ ਵੇਚਿਆ ਜਾਵੇਗਾ ਅਤੇ ਪਿਆਜ਼ ਖਰੀਦਣ ਲਈ ਗਾਹਕ ਕੋਲ ਪਛਾਣ ਪੱਤਰ ਵੀ ਹੋਣਾ ਚਾਹੀਦਾ ਹੈ। ਇਸ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਸਤੀ ਦਰ 'ਤੇ ਪਿਆਜ਼ ਮੁਹੱਈਆ ਕਰਾਉਣਾ ਹੈ।
ਗੌਰਤਲਬ ਹੈ ਕਿ ਕੇਂਦਰ ਸਰਕਾਰ ਵੀ ਪਿਛਲੇ ਕਈ ਦਿਨਾਂ ਤੋਂ ਬਾਜ਼ਾਰ 'ਚ ਕੀਮਤਾਂ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਪਿਆਜ਼ ਦੀ ਸਪਲਾਈ ਵਧਾਉਣ ਲਈ ਬਫਰ ਸਟਾਕ 'ਚੋਂ ਥੋਕ ਤੇ ਪ੍ਰਚੂਨ ਬਾਜ਼ਾਰ 'ਚ ਪਿਆਜ਼ ਉਪਲਬਧ ਕਰਾ ਰਹੀ ਹੈ ਪਰ ਹੁਣ ਸਰਕਾਰ ਕੋਲ 25,000 ਟਨ ਪਿਆਜ਼ ਹੀ ਉੁਪਲਬਧ ਹੈ, ਜੋ ਨਵੰਬਰ ਦੇ ਪਹਿਲੇ ਹਫ਼ਤੇ 'ਚ ਖਤਮ ਹੋ ਜਾਵੇਗਾ। ਸਹਿਕਾਰੀ ਨਾਫੇਡ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਕੁਮਾਰ ਚੱਢਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ।